ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਰਨ 10 ਰੋਗੀਆਂ ਦੀ ਮੌਤ , 500 ਦੀ ਰਿਪੋਰਟ ਆਈ ਪਾਜ਼ੇਟਿਵ
Friday, May 28, 2021 - 05:10 PM (IST)
ਜਲੰਧਰ (ਰੱਤਾ) : ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ 10 ਰੋਗੀਆਂ ਦੀ ਮੌਤ ਹੋ ਗਈ ਅਤੇ 500 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ ਕਾਫੀ ਘਟੀ ਹੈ। ਪਿਛਲੇ ਹਫਤੇ ਜ਼ਿਲ੍ਹੇ ਵਿਚ ਜਿਥੇ 5200 ਤੋਂ ਵੱਧ ਐਕਟਿਵ ਕੇਸ ਸਨ, ਉਥੇ ਹੀ ਅੱਜ ਇਨ੍ਹਾਂ ਦੀ ਗਿਣਤੀ 4100 ਤੋਂ ਘੱਟ ਹੋ ਗਈ।
ਵੈਕਸੀਨ ਖਰੀਦਣ ਲਈ ਵਧੇਰੇ ਨਿੱਜੀ ਹਸਪਤਾਲਾਂ ਵਾਲਿਆਂ ਨੇ ਨਹੀਂ ਦਿਖਾਈ ਰੁਚੀ
ਸਰਕਾਰ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਕੋਈ ਵੀ ਨਿੱਜੀ ਹਸਪਤਾਲ ਵੈਕਸੀਨ ਖਰੀਦ ਕੇ ਆਮ ਜਨਤਾ ਨੂੰ ਟੀਕਾ ਲਾ ਸਕਦਾ ਹੈ ਅਤੇ ਇਸਦੇ ਲਈ ਸਰਕਾਰ ਨੇ ਪ੍ਰਤੀ ਡੋਜ਼ 620 ਰੁਪਏ ਰਾਸ਼ੀ ਨਿਰਧਾਰਿਤ ਕੀਤੀ ਸੀ। ਅਜੇ ਕਿਸੇ ਵੀ ਨਿੱਜੀ ਹਸਪਤਾਲ ਵਾਲੇ ਨੇ ਪੈਸੇ ਜਮ੍ਹਾ ਵੀ ਨਹੀਂ ਕਰਵਾਏ ਸਨ ਕਿ ਸਰਕਾਰ ਨੇ ਪ੍ਰਤੀ ਡੋਜ਼ ਦਾ ਰੇਟ ਵਧਾ ਕੇ 1060 ਰੁਪਏ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿਚ ਵੀਰਵਾਰ ਸ਼ਾਮ ਤੱਕ ਸਿਰਫ 11 ਨਿੱਜੀ ਹਸਪਤਾਲਾਂ ਵਾਲਿਆਂ ਨੇ ਸਿਰਫ਼ 1300 ਦੇ ਲਗਭਗ ਡੋਜ਼ ਦੇ ਪੈਸੇ ਜਮ੍ਹਾ ਕਰਵਾਏ ਸਨ ਅਤੇ ਹੁਣ ਜਦੋਂ ਉਨ੍ਹਾਂ ਨੂੰ ਵੈਕਸੀਨ ਮਿਲ ਜਾਵੇਗੀ ਤਾਂ ਉਹ ਲੋਕਾਂ ਨੂੰ 1250 ਜਾਂ 1300 ਰੁਪਏ ਪ੍ਰਤੀ ਡੋਜ਼ ਲਾਉਣਗੇ।
ਇਹ ਵੀ ਪੜ੍ਹੋ : 1 ਜੂਨ ਤੋਂ ਟੀਕਾਕਰਨ ਦੀ ਪਹਿਲੀ ਸੂਚੀ ’ਚ ਇਹ ਮੈਂਬਰ ਹੋਣਗੇ ਸ਼ਾਮਲ, ਕੈਪਟਨ ਨੇ ਕੀਤਾ ਐਲਾਨ
ਨਿੱਜੀ ਹਸਪਤਾਲਾਂ ਵਾਲਿਆਂ ਨੂੰ ਵਾਪਸ ਮਿਲਣਗੇ ਪੈਸੇ
ਪਿਛਲੇ ਦਿਨੀਂ ਜਦੋਂ ਸਰਕਾਰ ਨੇ ਨਿੱਜੀ ਹਸਪਤਾਲਾਂ ਵਿਚ ਵੈਕਸੀਨ ਲਾਉਣ ਦਾ ਕੰਮ ਬੰਦ ਕਰਵਾਇਆ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਇਹ ਵੀ ਹੁਕਮ ਦਿੱਤੇ ਗਏ ਸਨ ਕਿ ਉਨ੍ਹਾਂ ਕੋਲ ਜਿੰਨੀ ਵੀ ਵੈਕਸੀਨ ਪਈ ਹੈ, ਉਸਨੂੰ ਸਿਹਤ ਮਹਿਕਮੇ ਕੋਲ ਜਮ੍ਹਾ ਕਰਵਾਇਆ ਜਾਵੇ। ਸਰਕਾਰ ਦੇ ਹੁਕਮਾਂ ਦਾ ਪਾਲਣ ਕਰਦਿਆਂ ਇਕ-ਦੋ ਹਸਪਤਾਲਾਂ ਨੂੰ ਛੱਡ ਕੇ ਬਾਕੀ ਨੇ ਵੈਕਸੀਨ ਜਮ੍ਹਾ ਤਾਂ ਕਰਵਾ ਦਿੱਤੀ ਪਰ ਉਨ੍ਹਾਂ ਨੂੰ ਪੈਸੇ ਰਿਫੰਡ ਨਹੀਂ ਕੀਤੇ ਜਾ ਰਹੇ ਸਨ। ਹੁਣ ਨੈਸ਼ਨਲ ਹੈਲਥ ਅਥਾਰਿਟੀ, ਗਵਰਨਮੈਂਟ ਆਫ ਇੰਡੀਆ ਵੱਲੋਂ ਜਾਰੀ ਚਿੱਠੀ ਮੁਤਾਬਕ ਉਨ੍ਹਾਂ ਸਾਰੇ ਨਿੱਜੀ ਹਸਪਤਾਲਾਂ ਵਾਲਿਆਂ ਨੂੰ ਪੈਸੇ ਰਿਫੰਡ ਕੀਤੇ ਜਾਣਗੇ, ਜਿਨ੍ਹਾਂ ਸਿਹਤ ਵਿਭਾਗ ਨੂੰ ਵੈਕਸੀਨ ਮੋੜ ਦਿੱਤੀ ਸੀ।
ਇਹ ਵੀ ਪੜ੍ਹੋ : ‘ਕੋਰੋਨਾ ਤੋਂ ਕੁਝ ਰਾਹਤ ਮਿਲੀ ਤਾਂ ਬਲੈਕ ਫੰਗਸ ਨੇ ਵਧਾ ਦਿੱਤੀ ਚਿੰਤਾ’
4885 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 533 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ 4885 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 533 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 7236 ਹੋਰ ਲੋਕਾਂ ਦੇ ਸੈਂਪਲ ਲਏ।
ਹੁਣ ਤੱਕ ਕੁੱਲ ਸੈਂਪਲ-1066576
ਨੈਗੇਟਿਵ ਆਏ-934843
ਪਾਜ਼ੇਟਿਵ ਆਏ-58898
ਡਿਸਚਾਰਜ-53478
ਮੌਤਾਂ ਹੋਈਆਂ-1349
ਐਕਟਿਵ ਕੇਸ-4071
ਇਹ ਵੀ ਪੜ੍ਹੋ : ਹਸਪਤਾਲਾਂ ’ਚ ਕੋਵਿਡ ਮਰੀਜ਼ਾਂ ਤੋਂ ਜ਼ਿਆਦਾ ਵਸੂਲੀ ਕਰਨ ਦੇ ਮਾਮਲੇ ’ਚ ਮੁੱਖ ਮੰਤਰੀ ਨੇ ਸੂਬਾ ਪੱਧਰੀ ਕਮੇਟੀ ਗਠਿਤ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ