ਅਨਏਡਿਡ ਪ੍ਰਾਈਵੇਟ ਕਾਲਜਾਂ ਦੇ 10 ਲੱਖ ਵਿਦਿਆਰਥੀ ਵਿੱਢਣਗੇ ਨਸ਼ਿਆਂ ਖ਼ਿਲਾਫ਼ ਮੁਹਿੰਮ

07/11/2018 11:58:20 PM

ਬਟਾਲਾ (ਖੋਖਰ) - ਪੰਜਾਬ ਦੇ 1500 ਅਨਏਡਿਡ ਪ੍ਰਾਈਵੇਟ ਕਾਲਜਾਂ ਦੇ ਤਕਰੀਬਨ 10 ਲੱਖ ਵਿਦਿਆਰਥੀ ਕਦੇ ਵੀ ਨਸ਼ਾ ਨਾ ਕਰਨ ਦਾ ਅਹਿਦ ਲੈਣਗੇ ਅਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਵੀ ਵਿੱਢਣਗੇ। ਇਹ ਜਾਣਕਾਰੀ ਸਾਬਕਾ ਮੰਤਰੀ ਅਤੇ ਅਨਏਡਿਡ ਪ੍ਰਾਈਵੇਟ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਂਝੀ ਕੀਤੀ। ਸ੍ਰੀ ਸੇਖੜੀ ਨੇ ਦੱਸਿਆ ਕਿ ਇਸ ਸਬੰਧੀ ਬੀਤੇ ਦਿਨੀਂ ਸੂਬੇ ਭਰ ਦੇ ਅਨਏਡਿਡ ਪ੍ਰਾਈਵੇਟ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਦੇ ਇਕ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਨਿਰਣਾਇਕ ਜੰਗ ਵਿੱਚ ਪ੍ਰਾਈਵੇਟ ਕਾਲਜਾਂ ਨੇ ਵੀ ਆਪਣਾ ਯੋਗਦਾਨ ਪਾਉਣ ਪੇਸ਼ਕਸ਼ ਕੀਤੀ ਹੈ।
ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਨਸ਼ਾ-ਮੁਕਤ ਪੰਜਾਬ ਲਈ ਜੇਏਸੀ ਗਰਮਜੋਸ਼ੀ ਨਾਲ ਕੰਮ ਕਰੇਗੀ ਅਤੇ ਇਹ ਲਹਿਰ ਮੁਕੰਮਲ ਤੌਰ 'ਤੇ ਗ਼ੈਰਸਿਆਸੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋ ਬਚਾਉਣਾ ਹਰ ਨਾਗਰਿਕ ਦਾ ਫਰਜ ਹੈ ਅਤੇ ਜੇਏਸੀ ਇਸ ਮੁਹਾਜ 'ਤੇ ਮੋਹਰੀ ਹੋ ਕੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨਿੱਜੀ ਤਕਨੀਕੀ ਸਿੱਖਿਆ ਸੰਸਥਾਵਾਂ ਵਲੋਂ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ ਉਥੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਵੀ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਕਿੱਤਾਮੁਖੀ ਸਿਖਲਾਈ ਹਾਸਲ ਕਰਕੇ ਆਪਣੇ ਰੁਜ਼ਗਾਰ 'ਤੇ ਲੱਗ ਸਕਣ। ਸ੍ਰੀ ਸੇਖੜੀ ਨੇ ਕਿਹਾ ਕਿ ਨਸ਼ਾ-ਮੁਕਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਅ ਸਕਦਾ ਹੈ।


Related News