‘ਟਿੱਡੀ ਦਲ' ਦੇ ਰੂਪ 'ਚ ਆਈ 'ਕੁਦਰਤੀ ਆਫਤ' ਵਿਰੁੱਧ ਡਟਣਗੇ ਪੰਜਾਬ ਦੇ 10 ਵਿਭਾਗ

Saturday, May 23, 2020 - 09:38 AM (IST)

‘ਟਿੱਡੀ ਦਲ' ਦੇ ਰੂਪ 'ਚ ਆਈ 'ਕੁਦਰਤੀ ਆਫਤ' ਵਿਰੁੱਧ ਡਟਣਗੇ ਪੰਜਾਬ ਦੇ 10 ਵਿਭਾਗ

ਲੁਧਿਆਣਾ (ਹਰਮਨ ਅਤੇ ਸਰਬਜੀਤ ਸਿੰਘ ਸਿੱਧੂ) - ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਟਿੱਡੀ ਦਲ ਦੇ ਹੋਏ ਹਮਲੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੀ ਇਸ ਕੁਦਰਤੀ ਆਫਤ ਦੇ ਖਾਤਮੇ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਰਣਨੀਤੀ ਤਿਆਰ ਕਰ ਲਈ ਹੈ। ਇਸ ਦੇ ਚਲਦਿਆਂ ਸੂਬੇ ਅੰਦਰ ਕਰੀਬ 10 ਵਿਭਾਗ ਫਸਲਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਬਚਾਉਣ ਲਈ ਮੁੱਖ ਭੂਮਿਕਾ ਨਿਭਾਉਣਗੇ ਜਿਸ ਤਹਿਤ ਜਿਥੇ ਪੰਜਾਬ ਦਾ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਸਬੰਧੀ ਹੋਰ ਮੁੱਖ ਕਾਰਜ ਕਰੇਗਾ। ਉਥੇ ਵੱਖ-ਵੱਖ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸ਼ਨ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਇਸ ਵੱਡੇ ਟਾਸਕ ਦਾ ਹਿੱਸਾ ਬਣਾਇਆ ਗਿਆ ਹੈ।

ਕਿਹੋ ਜਿਹਾ ਹੈ ਸਰਕਾਰ ਦਾ ਐਕਸ਼ਨ ਪਲਾਨ?
ਸਰਕਾਰ ਵੱਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹਰੇਕ ਪਿੰਡ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਟਿੱਡੀ ਦਲ ਦੀ ਆਮਦ ਦੇ ਉਸ ਦੇ ਖਾਤਮੇ ਲਈ ਜਾਗਰੂਕ ਕਰੇਗਾ। ਇਸ ਤਹਿਤ ਕਿਸਾਨਾਂ ਨੂੰ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਅਤੇ ਪਿੱਠੂ ਪੰਪ ਤਿਆਰ ਰੱਖਣ ਲਈ ਕਿਹਾ ਜਾਣਾ ਹੈ। ਖੇਤੀਬਾੜੀ ਮਹਿਕਮੇ ਦੇ ਖੇਤਰੀ ਅਧਿਕਾਰੀ ਅਤੇ ਪੀ.ਏ.ਯੂ. ਸ਼ਾਖ਼ਾਵਾਂ ਦੀਆਂ ਟੀਮਾਂ ਆਪਣੇ ਇਲਾਕਿਆਂ 'ਚ ਨਿਰੰਤਰ ਦੌਰਾ ਅਤੇ ਸਰਵੇ ਕਰਨਗੀਆਂ।

ਪੜ੍ਹੋ ਇਹ ਵੀ - ਪਹਿਲੇ ਢਾਈ ਘੰਟਿਆਂ ’ਚ 4 ਲੱਖ ਤੋਂ ਵਧੇਰੇ ਯਾਤਰੀਆਂ ਨੇ ਬੁੱਕ ਕਰਵਾਈਆਂ ਰੇਲ ਦੀਆਂ ਟਿਕਟਾਂ (ਵੀਡੀਓ)

ਪੜ੍ਹੋ ਇਹ ਵੀ - "Apple" ਨੂੰ ਭਾਰਤ 'ਚ ਨਿਵੇਸ਼ ਕਰਨ ’ਤੇ ਰਾਸ਼ਟਰਪਤੀ ਟਰੰਪ ਨੇ ਲਗਾਈ ਰੋਕ (ਵੀਡੀਓ)

ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਖੁਦ ਹੋਣਗੇ ਨੋਡਲ ਅਫਸਰ
ਇਸ ਵੱਡੀ ਆਫਤ ਦਾ ਖਾਤਮਾ ਕਰਨ ਲਈ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਖੁਦ ਇਸ ਮੁਹਿੰਮ ਦੇ ਨੋਡਲ ਅਫਸਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਕਿਹਾ ਹੈ। ਤਹਿਸੀਲ ਅਤੇ ਸਬ ਡਵੀਜਨ ਪੱਧਰ 'ਤੇ ਐੱਸ.ਡੀ.ਐੱਮ. ਆਪਣੇ ਇਲਾਕੇ ਅੰਦਰ ਨੋਡਲ ਅਧਿਕਾਰੀ ਵਜੋਂ ਸਾਰੀ ਮੁਹਿੰਮ ਦੀ ਨਿਗਰਾਨੀ ਕਰਨਗੇ। ਖੇਤੀਬਾੜੀ ਵਿਭਾਗ ਦੇ ਨੋਡਲ ਅਧਿਕਾਰੀ ਲਗਾਤਾਰ ਸਾਰੀ ਜਾਣਕਾਰੀ ਇਨ੍ਹਾਂ ਉੱਚ ਅਧਿਕਾਰੀਆਂ ਨੂੰ ਦੇਣਗੇ। ਹਰੇਕ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨੂੰ ਜ਼ਿਲ੍ਹੇ ਅੰਦਰ ਸਪੈਸ਼ਲ ਟਿੱਡੀ ਦਲ ਲਈ ਇਕ ਇਕ ਵਟਸਅਪ ਗਰੁੱਪ ਬਣਾਉਣ ਲਈ ਕਿਹਾ ਗਿਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਆਪਣੇ ਅਧੀਨ ਇਲਾਕਿਆਂ ਨੂੰ ਸੈਕਟਰਾਂ 'ਚ ਵੰਡ ਕੇ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਹੀ ਦਵਾਈ ਦੀ ਉਪਲਬਧਤਾ ਦਾ ਵੀ ਧਿਆਨ ਰੱਖੇਗਾ।

ਸਰਚ ਲਾਈਟਾਂ ਦਾ ਵੀ ਕੀਤਾ ਜਾ ਰਿਹੈ ਪ੍ਰਬੰਧ
ਇਸ ਐਕਸ਼ਨ ਪਲਾਨ ਵਿਚ ਰਾਤ ਨੂੰ ਵੀ ਕਾਰਵਾਈ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜਿਸ ਤਹਿਤ ਪੁਲਸ ਵਿਭਾਗ ਨੂੰ ਪੂਰੀ ਸਕਿਊਰਿਟੀ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸ਼ਨ ਨੂੰ ਰਾਤ ਸਮੇਂ ਵਰਤੀਆਂ ਜਾਣ ਵਾਲੀਆਂ ਸਰਚ ਲਾਈਟਾਂ ਦਾ ਪ੍ਰਬੰਧ ਵੀ ਕਰਨ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਵੀ - ਜੌਹਨਸਨ ਐਂਡ ਜੌਹਨਸਨ ਨੇ ਅਮਰੀਕਾ ਤੇ ਕੈਨੇਡਾ ’ਚ ਆਪਣੇ ਉਤਪਾਦ ਦੀ ਵਿਕਰੀ ’ਤੇ ਲਾਈ ਰੋਕ (ਵੀਡੀਓ)

ਸਿਹਤ ਵਿਭਾਗ ਨੂੰ ਵੀ ਕੀਤਾ ਚੌਕਸ
ਟਿੱਡੀ ਦਲ ਨੂੰ ਕੰਟਰੋਲ ਕਰਨ ਮੌਕੇ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਦਾ ਅਸਰ ਕਿਸੇ ਵਿਅਕਤੀ ਦੀ ਸਿਹਤ 'ਤੇ ਪੈਣ ਦੀ ਸਥਿਤੀ ਵਿਚ ਉਕਤ ਵਿਅਕਤੀ ਦੇ ਇਲਾਜ ਲਈ ਸਿਹਤ ਵਿਭਾਗ ਨੂੰ ਵੀ ਚੌਕਸ ਕੀਤਾ ਗਿਆ ਹੈ। ਇਸ ਤਹਿਤ ਜਦੋਂ ਵੀ ਟਿੱਡੀ ਦਲ ਵਿਰੁੱਧ ਐਕਸ਼ਨ ਕੀਤਾ ਜਾਵੇਗਾ ਤਾਂ ਡਾਕਟਰਾਂ ਦੀ ਟੀਮ ਵੀ ਦਵਾਈਆਂ ਸਮੇਤ ਤਾਇਨਾਤ ਰਹੇਗੀ।

ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਜਾਰੀ ਕੀਤੇ ਆਦੇਸ਼
ਟਿੱਡੀ ਦਲ ਨੂੰ ਰੋਕਣ ਲਈ ਸਪਰੇਅ ਕਰਨ ਲਈ ਪਾਣੀ ਦੀ ਵੱਡੀ ਮਾਤਰਾ ਵਿਚ ਜਰੂਰਤ ਪੈਣ ਕਾਰਨ ਟਿੱਡੀ ਦਲ ਦੇ ਸਪਾਟ ਵਾਲੀਆਂ ਥਾਵਾਂ 'ਤੇ ਟਿਊਬਵੈਲਾਂ 'ਤੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਵਰਕਾਮ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਚਾਇਤਾਂ, ਨਗਰ ਕੌਂਸਲਾਂ ਵਾਟਰ ਟੈਂਕਾਂ ਦਾ ਪ੍ਰਬੰਧ ਵੀ ਕਰ ਕੇ ਰੱਖਣਗੀਆਂ। ਖੇਤੀਬਾੜੀ ਵਿਭਾਗ ਇਹ ਯਕੀਨੀ ਬਣਾਏਗਾ ਕਿ ਪਿੰਡਾਂ ਵਿਚ ਕਿਸਾਨਾਂ ਕੋਲ, ਕਸਟਮ ਹਾਇਰਿੰਗ ਸੈਂਟਰਾਂ, ਸੁਸਾਇਟੀਆਂ ਕੋਲ ਟਰੈਕਟਰ ਅਤੇ ਸਪਰੇਅ ਪੰਪ ਉਪਲਬਧ ਹੋਣ। ਨਗਰ ਕੌਂਸਲਾਂ ਵੱਲੋਂ ਫਾਇਰ ਟੈਂਡਰ ਵਾਲੀਆਂ ਗੱਡੀਆਂ ਅਤੇ ਸਪਰੇਅ ਪੰਪਾਂ ਦੀ ਲਿਸਟ ਤਿਆਰ ਕੀਤੀ ਜਾਵੇਗੀ।

ਪੜ੍ਹੋ ਇਹ ਵੀ - ਕੌਮਾਂਤਰੀ ਜੀਵ ਵੰਨ-ਸੁਵੰਨਤਾ ਦਿਹਾੜਾ 2020 : ‘ਕੁਦਰਤ ਅਤੇ ਮਨੁੱਖ ਦੀ ਸਾਂਝ’

ਪੰਜਾਬ ਖੇਤੀਬਾੜੀ ਯੂਨੀਵਰਸਿਟੀ 

ਉੱਪ ਕੁਲਪਤੀ  
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ.ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਫਿਲਹਾਲ ਟਿੱਡੀ ਦਲ ਦੇ ਛੋਟੇ ਹਮਲੇ ਹੀ ਹੋਏ ਹਨ। ਅੱਗੇ ਤੋਂ ਜੇਕਰ ਕੋਈ ਅਜਿਹੀ ਹੋਰ ਘਟਨਾ ਸਾਹਮਣੇ ਆਉਂਦੀ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੂਰੀ ਤਰ੍ਹਾਂ ਸਤਰਕ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿੱਚ ਪੀ.ਏ.ਯੂ. ਸਟੇਸ਼ਨਾਂ ਤੇ ਕੀਟ ਵਿਭਾਗ ਦੇ ਵਿਗਿਆਨੀ ਕੰਮ ਕਰ ਰਹੇ ਹਨ। ਡਾ. ਪੀ.ਕੇ. ਅਰੋੜਾ, ਜੋ ਕਿ ਸੀਨੀਅਰ ਕੀਟ ਵਿਗਿਆਨੀ ਹਨ, ਉਨ੍ਹਾਂ ਨੂੰ ਅਬੋਹਰ ਵਿਖੇ ਤਾਇਨਾਤ ਕੀਤਾ ਗਿਆ ਹੈ। ਯੂਨੀਵਰਸਿਟੀ ਪੈਂਮਫਲੇਟ ਅਤੇ ਆਡੀਓ ਸੰਦੇਸ਼ ਰਾਹੀਂ ਵੀ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰ ਰਹੀ ਹੈ ।

ਪੜ੍ਹੋ ਇਹ ਵੀ - ਕੋਰੋਨਾ ਮਹਾਮਾਰੀ ਸਾਡੇ ਤੇ ਸਮੇਂ ਦੀਆਂ ਸਰਕਾਰਾਂ ਲਈ ਇੱਕ ਸੰਦੇਸ਼ ਸੀ, ਕੀ ਅਸੀਂ ਅਮਲ ਕਰਾਂਗੇ?

ਮੌਕੇ ’ਤੇ ਤਾਇਨਾਤ ਕੀਟ ਵਿਗਿਆਨੀ 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੀਟ ਵਿਭਾਗ ਦੇ ਵਿਗਿਆਨੀ ਡਾ.ਪੀ.ਕੇ. ਅਰੋੜਾ ਨੇ ਕਿਹਾ ਕਿ ਟਿੱਡੀ ਪਰਵਾਸੀ ਕੀਟ ਹੈ ਜੋ ਗੁਆਂਢੀ ਦੇਸ਼ਾਂ ਤੋਂ ਭਾਰਤ ਵਿੱਚ ਆਉਂਦਾ ਹੈ। ਇਸ ਵਾਰ ਇਸ ਦਾ ਡਰ ਇਸ ਲਈ ਜ਼ਿਆਦਾ ਹੈ, ਕਿਉਂਕਿ ਮੌਸਮ ਅਨੁਕੂਲ ਹੋਣ ਕਰਕੇ ਇਨ੍ਹਾਂ ਗੁਆਂਢੀ ਦੇਸ਼ਾਂ ਵਿੱਚ ਇਸਦਾ ਪ੍ਰਜਨਣ ਵੱਧ ਹੋਇਆ ਹੈ । ਸ਼ਾਮ ਵੇਲੇ ਇਹ ਕੀਟ ਦਰੱਖਤਾਂ ਉੱਤੇ ਆ ਬੈਠਦਾ ਹੈ । ਇਸ ਨੂੰ ਰਾਤ ਰਾਤ ਵਿੱਚ ਹੀ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਅਗਲੇ ਦਿਨ ਦੀ ਧੁੱਪ ਚੜ੍ਹ ਗਈ ਤਾਂ ਇਹ ਹੋਰ ਫੈਲ ਜਾਵੇਗਾ । 

ਉਨ੍ਹਾਂ ਕਿਹਾ ਕਿ ਇਸ ਲਈ ਬੀ.ਐੱਸ.ਐੱਫ .ਨੂੰ ਵੀ ਅਗਾਹ ਕੀਤਾ ਗਿਆ ਕਿ ਸਰਹੱਦੋਂ ਪਾਰ, ਜੋ ਜ਼ਮੀਨ ਹੈ ਜੇਕਰ ਉੱਥੇ ਇਹ ਖੇਡ ਦੇਖਣ ਨੂੰ ਮਿਲਦਾ ਹੈ ਤਾਂ ਇਸ ਲਈ ਉਨ੍ਹਾਂ ਦੇ ਤਹਿ ਕੀਤੇ ਗਏ ਸਮੇਂ ਤੋਂ ਪਹਿਲਾਂ ਪਾਰ ਜਾਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਪਹੁ ਫੁੱਟਦਿਆਂ ਹੀ  ਸਰਹੱਦੋਂ ਪਾਰ ਜਾ ਕੇ ਕਾਬੂ ਪਾਇਆ ਜਾ ਸਕੇ। 

ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਾਕੀ ਜ਼ਿਲ੍ਹਿਆਂ ਦੇ ਨਾਲ-ਨਾਲ ਖ਼ਾਸਕਰ ਫਾਜ਼ਿਲਕਾ ਜ਼ਿਲ੍ਹੇ ਵਿੱਚ 4 ਕੰਟਰੋਲ ਰੂਮ ਬਣਾ ਦਿੱਤੇ ਗਏ ਹਨ। ਸਬੰਧੀ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਵੀ ਹੋਕਾ ਦਵਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ। ਕੀਟ ਵਿਭਾਗ ਦਾ ਕੰਮ ਕੀਟ ਨਿਰੀਖਣ ਕਰਨ ਦੇ ਨਾਲ-ਨਾਲ ਨੁਕਸਾਨ ਤੋਂ ਬਾਅਦ ਕਿਸਾਨਾਂ ਨੂੰ ਸਲਾਹ ਦੇਣ ਦਾ ਵੀ ਹੈ ਤਾਂ ਜੋ ਟਿੱਡੀ ਦਲ ਦੁਆਰਾ ਖ਼ਰਾਬ ਕੀਤੀਆਂ ਫ਼ਸਲਾਂ ਦਾ ਸਹੀ ਹੱਲ ਹੋ ਸਕੇ । 

ਪੜ੍ਹੋ ਇਹ ਵੀ - ਗਲੇ ਦੀ ਖਰਾਸ਼ ਅਤੇ ਭਾਰ ਨੂੰ ਘਟਾਉਣ ਦਾ ਕੰਮ ਕਰਦੀ ਹੈ ‘ਤੁਲਸੀ ਦੀ ਚਾਹ’, ਜਾਣੋ ਹੋਰ ਵੀ ਕਈ ਫਾਇਦੇ

ਕੀਟ ਵਿਭਾਗ ਦੇ ਮੁਖੀ  
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੀਟ ਵਿਭਾਗ ਦੇ ਮੁਖੀ ਡਾ.ਪ੍ਰਦੀਪ ਸ਼ੁਨੇਜਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਨਾਲ ਯੂਨੀਵਰਸਿਟੀ ਦੇ ਕੀਟ ਵਿਗਿਆਨੀ ਵੀ ਇਸ ਟਿੱਡੀ ਦਲ ਹਮਲੇ ਉੱਤੇ ਕਾਬੂ ਪਾਉਣ ਲਈ ਜੁੜੇ ਹੋਏ ਹਨ। ਇਸ ਸਬੰਧੀ ਖੇਤੀ ਸੰਦੇਸ਼ , ਚੰਗੀ ਖੇਤੀ ਰਸਾਲੇ ਅਤੇ ਵਟਸਐਪ ਰਾਹੀਂ ਆਡੀਓ ਸੰਦੇਸ਼ ਭੇਜ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੀਡੀਓ ਸੰਦੇਸ਼ ਵੀ ਤਿਆਰ ਕਰ ਰਹੇ ਹਾਂ ਤਾਂ ਜੋ ਕਿਸਾਨ ਟਿੱਡੀ ਦਲ ਹਮਲੇ ਤੋਂ ਡਰਨ ਦੀ ਵਜਾਏ ਸਤਰਕ ਰਹਿਣ।


author

rajwinder kaur

Content Editor

Related News