10,000 ਸਰਕਾਰੀ ਦਫ਼ਤਰਾਂ ਨੂੰ ਨਵੇਂ ਇੰਸਟਾਲ ਕੀਤੇ ‘ਚਿੱਪ ਵਾਲੇ ਸਮਾਰਟ ਮੀਟਰਾਂ’ ਨਾਲ ਮਿਲੇਗੀ ‘ਪ੍ਰੀਪੇਡ ਬਿਜਲੀ’
Monday, May 15, 2023 - 04:59 AM (IST)
ਜਲੰਧਰ (ਪੁਨੀਤ)-ਬਿਜਲੀ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਵਾਲੇ ਪਾਵਰਕਾਮ ਨੇ ਹੁਣ ਆਪਣੇ-ਆਪ ਨੂੰ ਹਾਈਟੈੱਕ ਕਰਦੇ ਹੋਏ ਪ੍ਰੀਪੇਡ ਬਿਜਲੀ ਵੱਲ ਕਦਮ ਪੁੱਟਿਆ ਹੈ। ਮੁੰਬਈ ਦੀ ਤਰਜ਼ ’ਤੇ ਲਿਆਂਦੀ ਗਈ ਇਸ ਯੋਜਨਾ ਦੇ ਪਹਿਲੇ ਪੜਾਅ ’ਚ ਸਰਕਾਰੀ ਦਫ਼ਤਰਾਂ ਨੂੰ ਪਰਖ ਲਈ ਚੁਣਿਆ ਗਿਆ ਹੈ ਕਿਉਂਕਿ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਵਾਲੇ ਖਪਤਕਾਰਾਂ ’ਤੇ ਇਸ ਯੋਜਨਾ ਨੂੰ ਲਾਗੂ ਕਰਨਾ ਆਸਾਨ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੁਰੂਘਰ ਦੇ ਸਰੋਵਰ ਨੇੜੇ ਸ਼ਰਾਬ ਪੀ ਰਹੀ ਔਰਤ ਦਾ ਗੋਲ਼ੀ ਮਾਰ ਕੇ ਕਤਲ
ਹਾਈਟੈੱਕ ਕਰਨ ਦੀ ਇਸ ਕੜੀ ਵਿਚ ਚੱਲ ਰਹੇ ਕੰਮ ਤਹਿਤ ਪਾਵਰਕਾਮ ਵੱਲੋਂ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ 10 ਹਜ਼ਾਰ ਦੇ ਲੱਗਭਗ ਬਿਜਲੀ ਮੀਟਰ ਬਦਲੇ ਜਾ ਚੁੱਕੇ ਹਨ ਅਤੇ ਬਾਕੀ ਦਫ਼ਤਰਾਂ ਵਿਚ ਮੀਟਰ ਬਦਲਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਿਸ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਸਾਰੇ ਸਰਕਾਰੀ ਵਿਭਾਗਾਂ ਵਿਚ ਮੀਟਰ ਬਦਲੇ ਜਾਣ ਤੋਂ ਪਹਿਲਾਂ ਹੀ ਵਿਭਾਗ ਇਸ ਸਕੀਮ ਨੂੰ ਲਾਂਚ ਕਰ ਦੇਵੇਗਾ। ਵਿਭਾਗ ਵੱਲੋਂ ਪੁਰਾਣੇ ਮੀਟਰਾਂ ਦੀ ਥਾਂ ’ਤੇ ਚਿੱਪ ਵਾਲੇ ਨਵੇਂ ਸਮਾਰਟ ਮੀਟਰ ਲਾਏ ਗਏ ਹਨ, ਜਿਨ੍ਹਾਂ ਰਾਹੀਂ ਹੁਣ ਸਰਕਾਰੀ ਦਫ਼ਤਰਾਂ ਨੂੰ ਪ੍ਰੀਪੇਡ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਮੋਟਰਸਾਈਕਲ ਤੇ ਕਾਰ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
ਇਨ੍ਹਾਂ ਮੀਟਰਾਂ ਨੂੰ ਮੋਬਾਇਲ ਵਾਂਗ ਰੀਚਾਰਜ ਕਰਨਾ ਬਹੁਤ ਆਸਾਨ ਹੋਵੇਗਾ। ਪਾਵਰਕਾਮ ਨੂੰ ਇਸ ਸਕੀਮ ਤਹਿਤ ਕਈ ਲਾਭ ਮਿਲਣ ਜਾ ਰਹੇ ਹਨ। ਵਿਭਾਗ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਹਾਈਟੈੱਕ ਸਕੀਮ ਦਾ ਹਿੱਸਾ ਬਣੇਗਾ, ਜਿਸ ਕਾਰਨ ਵਿਭਾਗ ਨੂੰ ਆਉਣ ਵਾਲੇ ਸਮੇਂ ਵਿਚ ਕੇਂਦਰ ਤੋਂ ਵੱਡੀਆਂ ਗ੍ਰਾਂਟਾਂ ਮਿਲ ਸਕਣਗੀਆਂ। ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰ ਦੀਆਂ ਸ਼ਰਤਾਂ ਮੁਤਾਬਕ ਜਿਨ੍ਹਾਂ ਸੂਬਿਆਂ ਨੂੰ ਬਿਜਲੀ ਪ੍ਰਣਾਲੀ ਨੂੰ ਸੁਧਾਰਨ ਲਈ ਵੱਡੀਆਂ ਗ੍ਰਾਂਟਾਂ ਮਿਲੀਆਂ ਹਨ, ਉਨ੍ਹਾਂ ਲਈ ਪ੍ਰੀਪੇਡ ਬਿਜਲੀ ਦੀ ਸਹੂਲਤ ਸ਼ੁਰੂ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤਹਿਤ ਪੰਜਾਬ ਵੱਲੋਂ ਸਰਕਾਰੀ ਦਫ਼ਤਰਾਂ ਵਿਚ ਪ੍ਰੀਪੇਡ ਬਿਜਲੀ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਰਾਹੀਂ ਵਿਭਾਗ ਕੇਂਦਰ ਦੀਆਂ ਸ਼ਰਤਾਂ ਪੂਰੀਆਂ ਕਰ ਸਕੇਗਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਪਨਸਪ ਦੇ ਮੁਲਾਜ਼ਮ, ਦਿੱਤਾ ਵੱਡਾ ਤੋਹਫ਼ਾ
ਧਿਆਨ ਦੇਣਯੋਗ ਹੈ ਕਿ ਜਦੋਂ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਵਾਲੇ ਬਿਜਲੀ ਖਪਤਕਾਰਾਂ ਦੇ ਘਰਾਂ ਦੇ ਮੀਟਰ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ ਸੀ, ਜਿਸ ਤੋਂ ਬਾਅਦ ਵਿਭਾਗ ਨੇ ਘਰਾਂ ਦੇ ਮੀਟਰ ਬਦਲਣ ਦਾ ਕੰਮ ਰੋਕ ਦਿੱਤਾ ਸੀ। ਵਿਭਾਗ ਵੱਲੋਂ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਵਿਚਲਾ ਰਾਹ ਕੱਢਿਆ ਗਿਆ ਤੇ ਸਰਕਾਰੀ ਦਫ਼ਤਰਾਂ ਤੋਂ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਦੂਜਾ ਵੱਡਾ ਫਾਇਦਾ ਇਹ ਰਹੇਗਾ ਕਿ ਵਿਭਾਗ ਨੂੰ ਸਰਕਾਰੀ ਦਫ਼ਤਰਾਂ ਤੋਂ ਰਿਕਵਰੀ ਕਰਨ ਦੀ ਲੋੜ ਨਹੀਂ ਰਹੇਗੀ। ਮੌਜੂਦਾ ਸਮੇਂ ਸਰਕਾਰੀ ਦਫ਼ਤਰਾਂ ’ਤੇ ਬਿਜਲੀ ਬਿੱਲਾਂ ਦਾ ਪ੍ਰਤੀ ਮਹੀਨਾ ਕਰੋੜਾਂ ਰੁਪਿਆ ਬਕਾਇਆ ਰਹਿੰਦਾ ਹੈ ਅਤੇ ਇਸ ਦੀ ਵਸੂਲੀ ਲਈ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਮੁਸ਼ੱਕਤ ਕਰਨੀ ਪੈਂਦੀ ਹੈ।
ਘਰੇਲੂ ਟੈਂਪਰੇਰੀ ਕੁਨੈਕਸ਼ਨਾਂ ਨੂੰ ਮਿਲੇਗੀ ਪ੍ਰੀਪੇਡ ਬਿਜਲੀ ਸਪਲਾਈ
ਸਰਕਾਰੀ ਦਫ਼ਤਰਾਂ ਤੋਂ ਸ਼ੁਰੂ ਹੋਣ ਵਾਲੀ ਪ੍ਰੀਪੇਡ ਬਿਜਲੀ ਸਕੀਮ ਤਹਿਤ ਘਰੇਲੂ ਟੈਂਪਰੇਰੀ ਕੁਨੈਕਸ਼ਨਾਂ ’ਤੇ ਵੀ ਚਿੱਪ ਵਾਲੇ ਸਮਾਰਟ ਮੀਟਰ ਲਾਏ ਜਾਣਗੇ। ਇਸ ਤਹਿਤ ਵਿਭਾਗ ਵੱਲੋਂ ਹਰੇਕ ਸਰਕਲ ਵਿਚ ਚਿੱਪ ਵਾਲੇ ਸਮਾਰਟ ਮੀਟਰ ਭੇਜੇ ਜਾ ਰਹੇ ਹਨ ਤਾਂ ਜੋ ਟੈਂਪਰੇਰੀ ਕੁਨੈਕਸ਼ਨ ਲੈਣ ਵਾਲਿਆਂ ਨੂੰ ਇਸੇ ਮੀਟਰ ਤਹਿਤ ਬਿਜਲੀ ਦਿੱਤੀ ਜਾ ਸਕੇ।
ਵਿਭਾਗ ਕੋਲ ਹੋਵੇਗਾ ਮੀਟਰ ਦਾ ਪੂਰਾ ਕੰਟਰੋਲ
ਨਵੇਂ ਚਿੱਪ ਵਾਲੇ ਪ੍ਰੀਪੇਡ ਮੀਟਰ ਲਾਉਣ ਤੋਂ ਬਾਅਦ ਵੀ ਖਪਤਕਾਰ ਦਾ ਖਾਤਾ ਨੰਬਰ ਪੁਰਾਣਾ ਹੀ ਰਹੇਗਾ। ਵਿਭਾਗ ਵੱਲੋਂ ਪੁਰਾਣੇ ਮੀਟਰ ਲਾਹ ਕੇ ਉਨ੍ਹਾਂ ਦੀ ਥਾਂ ’ਤੇ ਨਵੇਂ ਮੀਟਰ ਲਾਏ ਜਾ ਰਹੇ ਹਨ। ਇਨ੍ਹਾਂ ਮੀਟਰਾਂ ਵਿਚ ਇਕ ਚਿੱਪ ਲੱਗੀ ਹੋਈ ਹੈ, ਜਿਸ ਰਾਹੀਂ ਇਹ ਕੰਮ ਕਰੇਗਾ। ਇਨ੍ਹਾਂ ਮੀਟਰਾਂ ਦਾ ਪੂਰਾ ਕੰਟਰੋਲ ਵਿਭਾਗ ਕੋਲ ਹੋਵੇਗਾ। ਜੇਕਰ ਵਿਭਾਗ ਚਾਹੇ ਤਾਂ ਇਨ੍ਹਾਂ ਪ੍ਰੀਪੇਡ ਮੀਟਰਾਂ ਨੂੰ ਪੋਸਟਪੇਡ ਵੀ ਕਰ ਸਕੇਗਾ। ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵੱਖ-ਵੱਖ ਬਦਲ ਰੱਖੇ ਹਨ ਤਾਂ ਜੋ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਰੂਰੀ ਸੇਵਾਵਾਂ ’ਤੇ ਨਹੀਂ ਲੱਗੇਗਾ ਪ੍ਰੀਪੇਡ ਬਿਜਲੀ ਮੀਟਰ
ਟਿਊਬਵੈੱਲਾਂ, ਡਿਸਪੈਂਸਰੀਆਂ ਅਤੇ ਸਟਰੀਟ ਲਾਈਟਾਂ ਸਮੇਤ ਜ਼ਰੂਰੀ ਸਰਕਾਰੀ ਸੇਵਾਵਾਂ ਨੂੰ ਫਿਲਹਾਲ ਪ੍ਰੀਪੇਡ ਬਿਜਲੀ ਮੀਟਰ ਸਕੀਮ ਤੋਂ ਬਾਹਰ ਰੱਖਿਆ ਗਿਆ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਕੀਮ ਤਹਿਤ ਪਹਿਲੇ ਹੁਕਮਾਂ ਵਿਚ ਜਨਤਕ ਸਹੂਲਤਾਂ ਵਾਲੇ ਬਿਜਲੀ ਕੁਨੈਕਸ਼ਨਾਂ ਨੂੰ ਛੋਟ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿਚ ਇਸ ਕੈਟਾਗਰੀ ਵਿਚ ਹਰ ਕੁਨੈਕਸ਼ਨ ਜੋੜਿਆ ਜਾਵੇਗਾ ਪਰ ਵਿਭਾਗ ਟ੍ਰਾਇਲ ਦੌਰਾਨ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲਵੇਗਾ।
ਹੁਣ ਮੁਫ਼ਤ, ਬਾਅਦ ਵਿਚ ਦੇਣਾ ਹੋਵੇਗਾ ਮੀਟਰ ਲਈ ਖਰਚ
ਸਰਕਾਰੀ ਦਫ਼ਤਰ ਹੋਵੇ ਜਾਂ ਘਰੇਲੂ ਖਪਤਕਾਰ, ਜਦੋਂ ਵੀ ਮੀਟਰ ਖ਼ਰਾਬ ਹੁੰਦਾ ਹੈ ਤਾਂ ਨਵਾਂ ਮੀਟਰ ਲਾਉਣ ਦਾ ਖਰਚਾ ਬਿੱਲ ਵਿਚ ਸ਼ਾਮਲ ਹੁੰਦਾ ਹੈ, ਜੋ ਉਸ ਨੂੰ ਅਦਾ ਕਰਨਾ ਪੈਂਦਾ ਹੈ। ਜੋ ਨਵਾਂ ਚਿੱਪ ਮੀਟਰ ਲਾਇਆ ਜਾ ਰਿਹਾ ਹੈ, ਮੌਜੂਦਾ ਸਮੇਂ ਇਹ ਮੀਟਰ ਮੁਫ਼ਤ ਲਾਇਆ ਜਾ ਰਿਹਾ ਹੈ। ਕੁਝ ਸਮੇਂ ਬਾਅਦ ਇਸ ਮੀਟਰ ਦੀ ਕੀਮਤ ਖਪਤਕਾਰ ਨੂੰ ਅਦਾ ਕਰਨੀ ਪਵੇਗੀ। ਹਜ਼ਾਰਾਂ ਰੁਪਏ ਵਿਚ ਮਿਲਣ ਵਾਲੇ ਇਸ ਮੀਟਰ ਦਾ ਮੁੱਖ ਫਾਇਦਾ ਇਹ ਹੈ ਕਿ ਇਸ ਵਿਚ ਰੀਡਿੰਗ ਜੰਪ (ਗ਼ਲਤ ਰੀਡਿੰਗ) ਵਰਗੀ ਕੋਈ ਸਮੱਸਿਆ ਨਹੀਂ ਆਵੇਗੀ।
ਇੰਟਰਨੈੱਟ ਜ਼ਰੀਏ ਆਸਾਨੀ ਨਾਲ ਹੋਵੇਗਾ ਰੀਚਾਰਜ
ਖਪਤਕਾਰ ਆਪਣੇ ਮੀਟਰ ’ਤੇ ਬਕਾਇਆ ਰਕਮ ਨੂੰ ਦੇਖ ਸਕਦਾ ਹੈ। ਇਸ ਵਿਚ ਮੀਟਰ ਇਹ ਵੀ ਦੱਸੇਗਾ ਕਿ ਖਪਤਕਾਰ ਕੋਲ ਕਿੰਨੇ ਯੂਨਿਟ ਹਨ। ਬਿਜਲੀ ਦਫ਼ਤਰਾਂ ਵਿਚ ਜਾਣ ਤੋਂ ਇਲਾਵਾ ਇੰਟਰਨੈੱਟ ਰਾਹੀਂ ਪ੍ਰੀਪੇਡ ਮੀਟਰਾਂ ਨੂੰ ਰੀਚਾਰਜ ਕਰਨ ਦਾ ਇਕ ਹੋਰ ਆਸਾਨ ਬਦਲ ਸੰਭਵ ਹੋਵੇਗਾ। ਇਸ ਦੇ ਲਈ ਖਪਤਕਾਰ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰ ਕੇ ਆਪਣੇ ਮੀਟਰਾਂ ਵਿਚ ਬੈਲੇਂਸ ਪਾ ਸਕਣਗੇ। ਰੀਚਾਰਜ ਕਰਨ ਬਾਰੇ ਜਾਣਕਾਰੀ ਮੀਟਰ ’ਤੇ ਵੀ ਡਿਸਪਲੇਅ ਹੋਵੇਗੀ। ਇਸ ਦੇ ਲਈ ਖਪਤਕਾਰ ਨੂੰ ਮੈਸੇਜ ਵੀ ਮਿਲੇਗਾ।
ਪ੍ਰੀਪੇਡ ਬਿਜਲੀ ਨਾਲ ਹਾਈਟੈੱਕ ਹੋਵੇਗਾ ਵਿਭਾਗ : ਚੀਫ ਇੰਜੀ. ਸਾਰੰਗਲ
ਪਾਵਰਕਾਮ ਉੱਤਰੀ ਜ਼ੋਨ ਦੇ ਮੁਖੀ ਇੰਜੀ. ਆਰ. ਐੱਲ. ਸਾਰੰਗਲ ਦਾ ਕਹਿਣਾ ਹੈ ਕਿ ਪ੍ਰੀਪੇਡ ਬਿਜਲੀ ਸ਼ੁਰੂ ਕਰਨਾ ਵਿਭਾਗ ਦੀਆਂ ਭਵਿੱਖੀ ਯੋਜਨਾਵਾਂ ਵਿਚ ਸਭ ਤੋਂ ਅਹਿਮ ਹੈ। ਇਸ ਤਹਿਤ ਵਿਭਾਗ ਨੂੰ ਹਾਈਟੈੱਕ ਬਣਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ’ਚ ਖਪਤਕਾਰਾਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ।