1 ਕਰੋੜ 75 ਲੱਖ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ

08/09/2019 11:28:59 PM

ਲੁਧਿਆਣਾ (ਅਨਿਲ)-ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਅੱਜ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਨਸ਼ਾ ਸਮੱਗਲਰ ਨੂੰ 1 ਕਰੋੜ 75 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਇਕ ਨਸ਼ਾ ਸਮੱਗਲਰ ਅੱਜ ਗਿੱਲ ਰੋਡ 'ਤੇ ਹੈਰੋਇਨ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗਿੱਲ ਰੋਡ 'ਤੇ ਬਿਜਲੀ ਦਫਤਰ ਦੇ ਕੋਲ ਇਕ ਕਾਰ ਸਵਾਰ ਨੂੰ ਚੈਕਿੰਗ ਲਈ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 350 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 1 ਕਰੋੜ 75 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ (32) ਨਿਵਾਸੀ ਜੁਝਾਰ ਨਗਰ, ਡਾਬਾ ਰੋਡ ਵਜੋਂ ਕੀਤੀ ਹੈ, ਜਿਸ ਦੇ ਖਿਲਾਫ ਐੱਸ. ਟੀ. ਐੱਫ. ਮੋਹਾਲੀ ਪੁਲਸ ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਤੋਂ ਨਾਈਜੀਰੀਅਨ ਤੋਂ ਲਿਆਇਆ ਖੇਪ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਹਰਪ੍ਰੀਤ ਨੇ ਦੱਸਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਹੈ, ਜਦੋਂਕਿ ਉਹ ਇਹ ਨਸ਼ੇ ਦੀ ਖੇਪ ਦਿੱਲੀ ਤੋਂ ਇਕ ਨਾਈਜੀਰੀਅਨ ਤੋਂ ਸਸਤੇ ਮੁੱਲ ਖਰੀਦ ਕੇ ਲਿਆਇਆ ਹੈ, ਜਿਸ ਨੂੰ ਲੁਧਿਆਣਾ 'ਚ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਸਪਲਾਈ ਕਰਨਾ ਸੀ ਕਿ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੋਸ਼ੀ ਪਹਿਲਾਂ ਡਰਾਈਵਰੀ ਕਰਦਾ ਸੀ ਪਰ ਕਮਾਈ ਨਾ ਹੋਣ ਕਾਰਣ ਨਸ਼ਾ ਵੇਚਣ ਲੱਗਾ।

ਕਤਲ ਦੇ ਕੇਸ 'ਚ 8 ਸਾਲ ਤਿਹਾੜ ਜੇਲ 'ਚ ਰਿਹਾ ਬੰਦ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਨਸ਼ਾ ਸਮੱਗਲਰ 'ਤੇ ਇਕ ਕਤਲ ਦਾ ਕੇਸ ਵੀ ਦਰਜ ਹੈ, ਜਿਸ ਵਿਚ ਦੋਸ਼ੀ ਦਿੱਲੀ ਦੀ ਤਿਹਾੜ ਜੇਲ ਅਤੇ ਰੋਹਣੀ ਜੇਲ 'ਚ 8 ਸਾਲ ਦੀ ਸਜ਼ਾ ਕੱਟ ਕੇ ਕੁਝ ਮਹੀਨੇ ਪਹਿਲਾਂ ਹੀ ਬਾਹਰ ਆਇਆ ਹੈ। ਬਾਹਰ ਆਉਣ ਤੋਂ ਬਾਅਦ ਉਕਤ ਦੋਸ਼ੀ ਨੂੰ ਪੈਸੇ ਦੀ ਕਮੀ ਹੋਣ ਲਗ ਪਈ, ਜਿਸ ਤੋਂ ਬਾਅਦ ਦੋਸ਼ੀ ਨੇ ਹੈਰੋਇਨ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ।


Karan Kumar

Content Editor

Related News