10 ਕਿਲੋ ਚੂਰਾ-ਪੋਸਤ ਸਮੇਤ 1 ਗ੍ਰਿਫਤਾਰ

Sunday, Aug 20, 2017 - 07:32 AM (IST)

10 ਕਿਲੋ ਚੂਰਾ-ਪੋਸਤ ਸਮੇਤ 1 ਗ੍ਰਿਫਤਾਰ

ਲਾਡੋਵਾਲ, (ਜ.ਬ.)- ਥਾਣਾ ਲਾਡੋਵਾਲ ਅਧੀਨ ਆਉਂਦੀ ਪੁਲਸ ਚੌਕੀ ਹੰਬੜਾਂ ਦੀ ਪੁਲਸ ਵੱਲੋਂ ਬੀਤੀ ਰਾਤ ਇਕ ਲੜਕੇ ਨੂੰ ਚੂਰਾ-ਪੋਸਤ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਚੌਕੀ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਲੜਕਾ ਸਿਧਵਾਂ ਬੇਟ ਵੱਲੋਂ ਮੋਟਰਸਾਈਕਲ 'ਤੇ ਹੰਬੜਾਂ ਇਲਾਕੇ 'ਚ ਚੂਰਾ-ਪੋਸਤ ਦੀ ਖੇਪ ਸਮੇਤ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ। ਜਿਸ 'ਤੇ ਚੌਕੀ ਮੁਖੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੰਬੜਾਂ ਤੋਂ ਸਿੱਧਵਾਂ ਬੇਟ ਸੜਕ 'ਤੇ ਨਾਕਾਬੰਦੀ ਕੀਤੀ ਗਈ ਜਦੋਂ ਪੁਲਸ ਨੇ ਸਿੱਧਵਾਂ ਬੇਟ ਵੱਲੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਲੜਕੇ ਨੂੰ ਤਲਾਸ਼ੀ ਲਈ ਰੋਕਣਾ ਚਾਹਿਆ ਤਾਂ ਉਕਤ ਚਾਲਕ ਇਕਦਮ ਆਪਣਾ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਲੱਗਾ ਪਰ ਪੁਲਸ ਦੀ ਮੁਸਤੈਦੀ ਕਾਰਨ ਲੜਕੇ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਬਰਾਮਦ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚ 10 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਗਿਆ। ਪੁਲਸ ਨੇ ਉਕਤ ਲੜਕੇ ਦੀ ਪਛਾਣ ਜਸਕਿਰਨ ਸਿੰਘ (19) ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਗੜ੍ਹੀ ਜੱਟਾਂ ਮੋਗਾ ਵਜੋਂ ਕੀਤੀ। 
ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਉਕਤ ਲੜਕੇ 'ਤੇ ਪਹਿਲਾਂ ਤੋਂ ਹੀ ਥਾਣਾ ਧਰਮਕੋਟ 'ਚ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਹੈ। ਪੁਲਸ ਨੇ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਥਾਣਾ ਲਾਡੋਵਾਲ 'ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਾਹਕਾਂ ਬਾਰੇ ਵੀ ਸੁਰਾਗ ਲਾਇਆ ਜਾ ਰਿਹਾ- ਚੌਕੀ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਚੂਰਾ-ਪੋਸਤ ਸਮੇਤ ਫੜੇ ਗਏ ਲੜਕੇ ਜਸਕਿਰਨ ਤੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਖੇਪ ਕਿਹੜੇ ਗਾਹਕਾਂ ਨੂੰ ਸਪਲਾਈ ਕਰਨ ਇਸ ਇਲਾਕੇ 'ਚ ਆਇਆ ਸੀ ਤਾਂ ਕਿ ਉਨ੍ਹਾਂ ਲੋਕਾਂ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਜਾ ਸਕੇ। ਜਿਸ ਸਬੰਧੀ ਆਉਣ ਵਾਲੇ ਦਿਨਾਂ 'ਚ ਪੁਲਸ ਹੋਰ ਖੁਲਾਸਾ ਕਰੇਗੀ।


Related News