ਨਾਭਾ ਜੇਲ ’ਚੋਂ ਸਖ਼ਤ ਸੁਰੱਖਿਆ ਹੇਠ ਬਿੱਟੂ ਨੂੰ ਲਿਆਂਦਾ ਕੋਟਕਪੂਰਾ

09/19/2018 2:23:02 AM

ਕੋਟਕਪੂਰਾ, (ਨਰਿੰਦਰ)- ਬੇਅਦਬੀ ਕਾਂਡ ਦੇ ਦੋਸ਼ ’ਚ ਘਿਰੇ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਦੀ ਮਾਤਾ ਸ਼੍ਰੀਮਤੀ ਵੀਰਾ ਰਾਣੀ ਦਾ ਅੰਤਿਮ ਸੰਸਕਾਰ ਸਥਾਨਕ ਬਠਿੰਡਾ ਰੋਡ ’ਤੇ ਸਥਿਤ ਸ਼ਾਂਤੀਵਣ ਸ਼ਮਸ਼ਾਨਘਾਟ ਵਿਖੇ ਅੱਜ ਭਾਰੀ ਪੁਲਸ ਪ੍ਰਬੰਧਾਂ ਹੇਠ ਕਰ ਦਿੱਤਾ ਗਿਆ। ਭਾਵੇਂ ਸਸਕਾਰ ਸਬੰਧੀ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ  ਪਰ ਮਹਿੰਦਰਪਾਲ ਬਿੱਟੂ ਨੂੰ ਲਿਆਉਣ ਤੇ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਉਸ ਨੂੰ ਲਿਜਾਣ ਤੱਕ ਪੁਲਸ ਦੇ ਹੱਥ-ਪੈਰ ਫੁੱਲੇ ਰਹੇ। 
ਇਸ ਦੌਰਾਨ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸੰਧੂਰਾ ਸਿੰਘ ਅੰਤ ਤੱਕ ਸਾਰੀ ਸਥਿਤੀ ਦੀ ਨਿਗਰਾਨੀ ਕਰਦੇ ਰਹੇ। ਸਸਕਾਰ ਦਾ ਸਮਾਂ ਪਹਿਲਾਂ ਅੱਜ 11:00 ਵਜੇ ਦਾ ਦਿੱਤਾ ਗਿਆ ਸੀ  ਪਰ ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਰਾਤੋ-ਰਾਤ ਸਮਾਂ ਤਬਦੀਲ ਕਰ ਕੇ ਸਵੇਰੇ 8:00 ਵਜੇ ਕਰ ਦਿੱਤਾ। ਮਹਿੰਦਰਪਾਲ ਬਿੱਟੂ ਨੂੰ ਸਵੇਰੇ 9:00 ਵਜੇ ਦੇ ਕਰੀਬ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਭਾ ਜੇਲ ਤੋਂ ਕੋਟਕਪੂਰਾ ਲਿਆਂਦਾ ਗਿਆ। ਇਸ ਦੌਰਾਨ ਡੀ. ਐੱਸ. ਪੀ. ਕੋਟਕਪੂਰਾ ਮਨਵਿੰਦਰਬੀਰ ਸਿੰਘ, ਐੱਸ. ਐੱਚ. ਓ. ਥਾਣਾ ਸਿਟੀ ਖੇਮ ਚੰਦ ਪਰਾਸ਼ਰ, ਸੀ. ਆਈ. ਏ. ਸਟਾਫ ਫਰੀਦਕੋਟ ਦੇ ਇੰਚਾਰਜ ਜਗਦੇਵ ਸਿੰਘ ਅਤੇ ਜੈਤੋ ਦੇ ਜਗਦੀਸ਼ ਸਿੰਘ ਬਰਾਡ਼ ਸਮੇਤ ਭਾਰੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਏ. ਆਰ. ਪੀ. ਦੇ ਜਵਾਨ ਤਾਇਨਾਤ ਸਨ। 
ਸੋਮਵਾਰ ਨੂੰ ਮਹਿੰਦਰਪਾਲ ਬਿੱਟੂ ਦੀ ਮਾਤਾ ਦਾ ਦਿਹਾਂਤ ਹੋਣ ’ਤੇ ਵਿਭਾਗ ਨੇ ਉਸ ਨੂੰ ਮਾਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ, ਜਿਸ ਦੇ ਆਧਾਰ ’ਤੇ ਪਟਿਆਲਾ ਪੁਲਸ ਦੀ ਇਕ ਟੀਮ ਮੰਗਲਵਾਰ ਸਵੇਰੇ ਉਸ ਨੂੰ ਲੈ ਕੇ ਕੋਟਕਪੂਰਾ ਦੇ ਸ਼ਮਸ਼ਾਨਘਾਟ ਪੁੱਜੀ। ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਜਤਾਏ ਜਾਣ ਦੇ ਸ਼ੱਕ ਵਜੋਂ ਪੁਲਸ ਵੱਲੋਂ ਸ਼ਮਸ਼ਾਨਘਾਟ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਪੁਲਸ ਦੇ ਜ਼ਬਰਦਸਤ ਪ੍ਰਬੰਧਾਂ ਕਾਰਨ ਸਾਰੀ ਪ੍ਰਕਿਰਿਆ ਸ਼ਾਂਤੀਪੂਰਨ ਨੇਪਰੇ ਚਡ਼੍ਹ ਸਕੀ। 
ਇਸ ਸਮੇਂ ਓਂਕਾਰ ਗੋਇਲ, ਸ਼ਾਮ ਲਾਲ ਮੈਂਗੀ, ਹਰੀਸ਼ ਸੇਤੀਆ, ਕ੍ਰਿਸ਼ਨ ਸਿੰਗਲਾ, ਮਨਤਾਰ ਸਿੰਘ ਮੱਕਡ਼, ਰਮਨ ਮਨਚੰਦਾ, ਹਰਸ਼ ਅਰੋਡ਼ਾ, ਪੁਨੀਤ ਪਲਤਾ, ਵਿਜੌ ਮੋਂਗਾ, ਰਣਜੀਤ ਸਿੰਘ ਵਡੇਰਾ ਆਦਿ ਹਾਜ਼ਰ ਸਨ।  


Related News