ਸੰਗਰੂਰ ਦੀ ਵੀਰਪਾਲ ਕੌਰ ਨੇ ਮਲੇਸ਼ੀਆ ''ਚ ਗੱਡੇ ਝੰਡੇ

09/18/2018 1:54:11 PM

ਦਿੜ੍ਹਬਾ ਮੰਡੀ (ਅਜੈ)— ਪਿਛਲੇ ਦਿਨੀ ਮਲੇਸ਼ੀਆ ਦੇ ਸ਼ਹਿਰ ਪੈਨਾਗ ਵਿਖੇ ਹੋਈਆਂ 2018 ਏਸ਼ੀਆ ਪੈਸੇਫਿਕ ਮਾਸਟਰ ਗੇਮਜ਼ 'ਚ ਜ਼ਿਲਾ ਸੰਗਰੂਰ ਦੇ ਪਿੰਡ ਸਫੀਪੁਰ ਕਲਾਂ ਦੀ ਨੂੰਹ ਵੀਰਪਾਲ ਕੌਰ (30) ਨੇ 2 ਗੋਲਡ ਅਤੇ 5 ਸਿਲਵਰ ਮੈਡਲ ਜਿੱਤ ਕੇ ਆਪਣੇ ਦੇਸ਼ ਅਤੇ ਪੰਜਾਬ ਦਾ ਨਾਂ ਦੁਨੀਆ 'ਚ ਰੌਸ਼ਨ ਕੀਤਾ। ਵੀਰਪਾਲ ਕੌਰ ਇਸ ਤੋਂ ਪਹਿਲਾਂ ਵੀ ਨੈਸ਼ਨਲ ਅਤੇ ਇੰਡੋ ਨੈਸ਼ਨਲ 'ਚ ਗੋਲਡ ਅਤੇ ਸਿਲਵਰ ਦੇ ਕਈ ਮੈਡਲ ਜਿੱਤ ਚੁੱਕੀ ਹੈ। ਅੱਜ ਆਪਣੇ  ਸਹੁਰੇ ਪਿੰਡ ਸਫੀਪੁਰ ਕਲਾਂ ਵਿਖੇ ਪੁੱਜਣ 'ਤੇ ਸਾਬਕਾ ਡਾਇਰੈਕਟਰ ਪੀ. ਏ. ਡੀ. ਵੀ.  ਰਮਨਜੀਤ ਸਿੰਘ ਮਾਨਸ਼ਾਹੀਆ ਦੀ ਅਗਵਾਈ 'ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਵੀਰਪਾਲ ਕੌਰ ਦਾ  ਨਿੱਘਾ ਸਵਾਗਤ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਕੀਤਾ।

ਖਿਡਾਰਨ ਵੀਰਪਾਲ ਕੌਰ ਨੇ ਕਿਹਾ ਕਿ ਮੈਂ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਪਰ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀਆਂ  ਵੱਲੋਂ ਕੀਤੀ ਜਾਂਦੀ ਹੌਸਲਾ ਅਫਜ਼ਾਈ ਤੇ ਸਹਿਯੋਗ ਨਾਲ ਮੈਂ ਅੱਜ 7 ਮੈਡਲ ਜਿੱਤਣ 'ਚ ਸਫਲ ਹੋਈ ਹਾਂ ਪਰ ਸਰਕਾਰ ਵੱਲੋਂ ਅੱਜ ਤੱਕ ਮੈਨੂੰ ਕੋਈ ਬਹੁਤੀ ਮਦਦ ਨਹੀਂ ਮਿਲੀ। ਰਮਨਜੀਤ ਸਿੰਘ ਮਾਨਸ਼ਾਹੀਆ ਤੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ  ਕਰਦੇ ਹੋਏ ਕਿਹਾ ਕਿ ਖਿਡਾਰਨ ਵੀਰਪਾਲ ਕੌਰ ਵੱਲੋਂ ਗਰੀਬੀ ਨਾਲ ਜੂਝਦੇ ਹੋਏ ਅਤੇ ਪ੍ਰੈਕਟਿਸ ਲਈ ਸਹੂਲਤਾਂ ਦੀ ਘਾਟ ਕਾਰਨ ਵੀ ਇੰਨਾ ਵਧੀਆ ਪ੍ਰਦਰਸ਼ਨ ਕਰਨਾ ਬਹੁਤ ਵੱਡੇ ਮਾਣ ਵਾਲੀ ਗੱਲ ਹੈ, ਜਿਸ ਕਰਕੇ ਉਸ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਹੋਰ ਖਿਡਾਰੀਆਂ ਵਾਂਗ ਉਸ  ਨੂੰ ਵੀ ਨੌਕਰੀ ਦਿੱਤੀ ਜਾਵੇ। 
ਕਿਹੜੀ-ਕਿਹੜੀ ਖੇਡ 'ਚ ਜਿੱਤੇ ਮੈਡਲ—

1. ਹਾਈ ਜੰਪ 'ਚ ਗੋਲਡ ਮੈਡਲ
2. ਲੌਂਗ ਜੰਪ 'ਚ ਗੋਲਡ ਮੈਡਲ
3. 400 ਮੀਟਰ ਦੌੜ 'ਚ ਸਿਲਵਰ, 100 ਮੀਟਰ 'ਚ ਸਿਲਵਰ ਮੈਡਲ
4. 100 ਮੀਟਰ ਹਰਡਲਜ਼ 'ਚ ਸਿਲਵਰ, 400 ਮੀਟਰ ਰਿਲੇਅ 'ਚ ਸਿਲਵਰ ਮੈਡਲ
5. 1600 ਮੀਟਰ ਰਿਲੇਅ 'ਚ ਸਿਲਵਰ ਮੈਡਲ

Related News