ਟੈਕਸ ਨਹੀਂ ਭਰਿਅਾ ਤਾਂ ਪ੍ਰਾਪਟੀ ਹੋਵੇਗੀ ਸੀਲ, 30 ਤੱਕ ਮਿਲੇਗੀ 10 ਫੀਸਦੀ ਛੂਟ

09/18/2018 5:31:08 AM

ਬਠਿੰਡਾ, (ਵਰਮਾ)- ਆਰਥਿਕ ਤੌਰ ’ਤੇ ਕਮਜ਼ੋਰ ਹੋ ਚੁੱਕੀ ਨਗਰ ਨਿਗਮ ਨੇ ਖਜ਼ਾਨਾ ਭਰਨ ਲਈ ਪ੍ਰਾਪਰਟੀ ਟੈਕਸ ਨੂੰ ਹਥਿਆਰ ਦੇ ਰੂਪ ਵਿਚ ਅਪਣਾਉਣਾ ਸ਼ੁਰੂ ਕਰ ਦਿਤਾ ਹੈ। ਚਾਲੁੂ ਵਿੱਤ ਸਾਲ ਵਿਚ ਨਿਗਮ ਨੂੰ 11.50 ਕਰੋਡ਼ ਰੁਪਏ ਪ੍ਰਾਪਰਟੀ ਟੈਕਸ ਨਾਲ ਆਮਦਨ ਹੋਣ ਦੀ ਸੰਭਾਵਨਾ ਸੀ ਪਰ ਸਿਰਫ 3.66 ਕਰੋਡ਼ ਰੁਪਏ ਜਮ੍ਹਾ ਹੋਇਆ। ਬਕਾਇਆ ਰਾਸ਼ੀ ਵਸੂਲ ਕਰਨ ਲਈ ਨਿਗਮ ਨੇ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ 30 ਸਤੰਬਰ ਤੱਕ 10  ਫੀਸਦੀ ਛੂਟ ਦਾ ਲਾਲਚ ਵੀ ਦਿੱਤਾ ਤੇ ਨਾਲ ਹੀ ਕਿਹਾ ਕਿ 1 ਅਕਤੂਬਰ ਤੋਂ ਬਾਅਦ 20  ਫੀਸਦੀ ਜੁਰਮਾਨੇ ਦੇ ਨਾਲ 18 ਫੀਸਦੀ ਵਿਆਜ ਵੀ ਦੇਣਾ ਹੋਵੇਗਾ। ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਪੱਸ਼ਟ ਕੀਤਾ ਕਿ ਅਗਰ ਪ੍ਰਾਪਰਟੀ ਟੈਕਸ ਜਮ੍ਹਾ ਕਰਨ ਵਿਚ ਨਾਕਾਮ ਰਹਿੰਦਾ ਹੈ ਤਾਂ ਸੀਲਿੰਗ ਕੀਤੀ ਜਾਵੇ। ਸ਼ਹਿਰ ਵਿਚ ਕੁਲ 40886 ਯੂਨਿਟ ਹਨ ਜਿਸ ਕੋਲੋਂ ਪ੍ਰਾਪਰਟੀ ਟੈਕਸ ਲਿਆ ਜਾਣਾ ਹੈ ਜਦਕਿ 12987 ਸਥਾਨਾਂ ਤੋਂ ਹੀ ਪ੍ਰਾਪਰਟੀ ਟੈਕਸ ਜਮ੍ਹਾ ਹੋਇਆ। ਪੰਜਾਬ ਸਰਕਾਰ ਨੇ ਨਗਰ ਨਿਗਮ ਨੂੰ ਪੈਸੇ ਦੇਣ ਤੋਂ ਹੱਥ ਖਡ਼੍ਹੇ ਕਰ ਦਿੱਤੇ, ਇਥੋਂ ਤੱਕ ਕਿ ਵਿਕਾਸ ਕੰਮ ਲਈ ਵਿੱਤ ਮੰਤਰਾਲਾ ਵਲੋਂ 16 ਕਰੋਡ਼ ਰੁਪਏ ਦੇਣ ਦਾ ਐਲਾਨ ਕੀਤਾ ਪਰ ਨਾਲ ਹੀ ਉਨ੍ਹਾਂ ਸ਼ਰਤ ਰੱਖੀ ਕਿ ਨਗਰ ਸੁਧਾਰ ਟਰੱਸਟ ਹੀ ਵਿਕਾਸ ਕੰਮ ਇਸ 16 ਕਰੋਡ਼ ਰੁਪਏ ਦੀ ਗ੍ਰਾਂਟ ਨਾਲ ਕਰਵਾਏਗਾ। ਅਜਿਹੇ ਵਿਚ ਨਗਰ ਨਿਗਮ ਕੋਲ ਹੁਣ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਜਮ੍ਹਾ ਨਹੀਂ ਹੋ ਰਹੇ। ਨਿਗਮ ਨੇ ਆਪਣੇ ਬਲਬੂਤੇ ’ਤੇ ਆਰਥਿਕ ਪ੍ਰੇਸ਼ਾਨੀ ਦੂਰ ਕਰਨ  ਲਈ ਫੰਡ ਇਕੱਠਾ ਕਰਨ ਦੀ ਕੋਸ਼ਿਸ਼  ਤੇਜ਼ ਕਰ ਦਿੱਤੀ ਹੈ। ਪ੍ਰਾਪਰਟੀ ਟੈਕਸ ਅਦਾ ਕਰਨ ਵਾਲਿਆਂ ਲਈ ਨਿਗਮ ਨੇ ਦਿਵਾਲੀ ਤੋਂ ਪਹਿਲਾਂ ਸੌਗਾਤ ਦੇ ਰੂਪ ਵਿਚ 10  ਫੀਸਦੀ ਦੀ ਛੂਟ ਦਿੱਤੀ ਹੈ ਜੋ ਕਰਦਾਤਾਵਾਂ ਲਈ ਮਹੱਤਵਪੂਰਨ ਹੈ। ਜੋ ਪ੍ਰਾਪਰਟੀ ਟੈਕਸ ਦਾ ਕਰਦਾਤਾ 30 ਦਸੰਬਰ ਤੱਕ ਇਸ ਯੋਜਨਾ ਦਾ ਲਾਭ ਨਹੀਂ ਲੈਂਦੇ, 1 ਅਕਤੂਬਰ ਤੋਂ ਬਾਅਦ ਉਹ ਆਪਣੇ ਵਪਾਰਕ ਸਥਾਨਾਂ ਦੀ ਹੋਣ ਵਾਲੀ ਸੀਲਿੰਗ ਲਈ ਤਿਆਰ ਰਹਿਣ। ਪੁਰਾਣਾ ਪ੍ਰਾਪਰਟੀ ਟੈਕਸ ਵੀ ਨਿਗਮ ਅਜੇ ਤੱਕ ਵਸੂਲ ਨਹੀਂ ਸਕਿਆ, ਜਿਸ ਨਾਲ ਉਸਦੀ ਆਰਥਿਕ ਹਾਲਤ ਦਿਨ ਬ ਦਿਨ ਮਾਡ਼ੀ ਹੁੰਦੀ ਜਾ ਰਹੀ ਹੈ। ਇਥੋਂ ਤੱਕ ਕਿ ਜੀ. ਐੱਸ. ਟੀ. ਦਾ ਪੂਰਾ ਸ਼ੇਅਰ ਵੀ ਨਿਗਮ ਨੂੰ ਨਹੀਂ ਮਿਲਿਆ।
ਅੰਮ੍ਰਿਤ ਯੋਜਨਾ ਦਾ ਲਾਭ ਲੈਣ ਲਈ ਰਿਕਵਰੀ ਜ਼ਰੁੂਰੀ
ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਅੰਮ੍ਰਿਤ ਯੋਜਨਾ ਜਿਸ ਵਿਚ ਲੋਕਾਂ ਨੂੰ ਸ਼ੁੱਧ ਪੀਣ ਯੋਗ ਪਾਣੀ ਤੇ ਸੀਵਰੇਜ ਪ੍ਰਣਾਲੀ ਦੀ ਪੂਰੀ ਸੁਵਿਧਾ ਦੇਣ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ 50 ਫੀਸਦੀ ਕੇਂਦਰ, 30 ਫੀਸਦੀ ਸੂਬਾ ਸਰਕਾਰ ਤੇ 20 ਫੀਸਦੀ ਨਿਗਮ ਨੂੰ ਇਕੱਠਾ ਕਰਨਾ ਹੋਵੇਗਾ। ਆਪਣੇ ਹਿੱਸੇ ਦਾ ਪੈਸਾ ਇਕੱਠਾ ਕਰਨ ਲਈ ਨਿਗਮ ਅੱਡੀ ਚੋਟੀ ਦਾ ਜ਼ੋਰ  ਲਾ ਰਿਹਾ ਹੈ। ਇਸ ਲਈ ਨਿਗਮ ਨੇ ਪ੍ਰਾਪਰਟੀ ਟੈਕਸ ਵਸੂਲਣ ਲਈ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਇਸ ਯੋਜਨਾ ਤਹਿਤ 90  ਫੀਸਦੀ ਤੱਕ ਕਰ ਇਕੱਠਾ ਕਰਨਾ ਜ਼ਰੂਰੀ ਹੈ ਫਿਰ ਹੀ ਇਸਦਾ ਲਾਭ ਮਿਲੇਗਾ। 
ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਕੇਂਦਰ ਤੋਂ ਇਸ ਯੋਜਨਾ ਤਹਿਤ ਕਿੰਨੀ ਰਕਮ ਆਵੇਗੀ, ਜਦਕਿ ਨਿਗਮ ਵਧ ਰਕਮ ਪਾਉਣ ਲਈ ਮਾਸਟਰ ਪਲਾਨ ਤਿਆਰ ਕਰੇਗਾ ਉਸ ’ਤੇ ਜੋ ਖਰਚ ਆਵੇਗਾ ਉਸੇ ਹਿਸਾਬ ਨਾਲ ਅੰਮ੍ਰਿਤ ਯੋਜਨਾ ਤੋਂ ਫੰਡ ਜਾਰੀ ਹੋਣਗੇ। ਹੁਣ ਤੱਕ 12987 ਲੋਕਾਂ ਨੇ 10  ਫੀਸਦੀ ਛੂਟ ਦਾ ਲਾਭ ਲੈ ਕੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਏ। ਇਨ੍ਹਾਂ ਵਿਚੋਂ 8958 ਰਿਹਾਇਸ਼ੀ ਅਤੇ 429 ਵਪਾਰਕ ਸਥਾਨਾਂ ਹਨ। 40884 ਅਜਿਹੇ ਲੋਕ ਹਨ ਜਿਨ੍ਹਾਂ ਨੇ ਕਰ ਜਮ੍ਹਾ ਨਹੀਂ ਕਰਵਾਇਆ, ਜਿਸ  ਨੂੰ ਵਸੂਲਣ ਲਈ ਨਿਗਮ ਕੋਸ਼ਿਸ਼ ਕਰ ਰਿਹਾ ਹੈ।
   125 ਗਜ਼ ਤੱਕ ਦੇ ਰਿਹਾਇਸ਼ੀ ਘਰਾਂ ਨੂੰ ਮੁਆਫ ਹੈ ਪ੍ਰਾਪਰਟੀ ਟੈਕਸ
ਨਿਗਮ ਦੇ ਪ੍ਰਾਪਰਟੀ ਟੈਕਸ ਅਨੁਸਾਰ ਸਾਲ 2013-14 ਵਿਚ ਕੁਲ 95429 ਸਥਾਨਾਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ਵਿਚ  47454 ’ਤੇ ਹੀ ਪ੍ਰਾਪਰਟੀ ਟੈਕਸ ਲਾਗੂ ਹੁੰਦਾ ਹੈ, ਜਦਕਿ 47975 ਅਜਿਹੇ ਸਥਾਨ ਹਨ ਜਿਹਡ਼ੇ ਜਾਂ ਤਾਂ ਖਾਲੀ ਹਨ ਜਾਂ ਪ੍ਰਾਪਰਟੀ ਟੈਕਸ ਦੇ ਦਾਇਰੇ ਵਿਚ ਨਹੀਂ ਆਉਂਦੇ। ਨਿਗਮ ਦੇ ਪ੍ਰਾਪਰਟੀ ਟੈਕਸ ਅਨੁਸਾਰ 125 ਗਜ਼ ਤੱਕ ਦੇ ਰਿਹਾਇਸ਼ੀ ਘਰਾਂ ਵਿਚ ਪ੍ਰਾਪਰਟੀ ਟੈਕਸ ਮੁਆਫ ਕੀਤਾ ਗਿਆ, ਜਦਕਿ ਖਾਲੀ ਪਲਾਟਾਂ ’ਤੇ ਵੀ ਪ੍ਰਾਪਰਟੀ ਟੈਕਸ ਨਹੀਂ ਲਿਆ ਜਾ ਸਕਦਾ। ਸਾਲ 2013 ਤੋਂ ਲੈ ਕੇ 31 ਮਾਰਚ ਤੱਕ ਨਿਗਮ ਨੇ 20  ਫੀਸਦੀ ਜੁਰਮਾਨਾ ਤੇ 18 ਫੀਸਦੀ ਵਿਆਜ ਸਮੇਤ ਰਿਕਵਰੀ ਕੀਤੀ ਜਾ ਰਹੀ ਹੈ। 2018-19 ਦਾ ਟੈਕਸ ਨਾ ਭਰਨ ਵਾਲੇ ਲੋਕਾਂ ਤੋਂ 1 ਜਨਵਰੀ 2018 ਤੋਂ ਜੁਰਮਾਨਾ ਤੇ ਵਿਆਜ ਲੈਣਾ ਸ਼ੁਰੂ ਹੋ ਚੁੱਕਾ ਹੈ।
  3500 ਲੋਕਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ : ਮੇਅਰ
 ਪ੍ਰੋਪਰਟੀ ਟੈਕਸ ਨੂੰ ਲੈ ਕੇ ਨਗਰ ਨਿਗਮ ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਹੈ ਕਿ ਸਾਰੇ ਕਰ ਦਾਤਾਵਾਂ  ਨੂੰ ਮੈਸੇਜ ਤੇ ਨੋਟਿਸ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਤੱਕ ਲਗਭਗ 3500 ਲੋਕਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਕਰ ਦਾਤਾਵਾਂ ਲਈ ਇਹ ਸੁਨਹਿਰਾ ਮੌਕਾ ਹੈ ਕਿ ਉਹ 30 ਸਤੰਬਰ ਤੋਂ ਪਹਿਲਾਂ ਪਹਿਲਾਂ ਆਪਣਾ ਟੈਕਸ ਜਮ੍ਹਾ ਕਰਵਾ ਦੇਣ। ਮੇਅਰ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਇਕ ਪਾਈ ਵੀ ਫੰਡ ਨਿਗਮ ਨੂੰ ਨਹੀਂ ਮਿਲਿਆ, ਜਿਸ ਕਾਰਨ ਸਾਰੇ ਵਿਕਾਸ ਕੰਮ ਰੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨਾਲ ਟਕਰਾਉਣਾ ਨਹੀਂ ਚਾਹੁੰਦੇ ਤੇ ਨਿਗਮ ਆਪਣੇ ਜ਼ੋਰ ’ਤੇ ਫੰਡ ਇਕੱਠਾ ਕਰਨ ਦਾ ਹਰ ਸੰਭਵ ਕੋਸ਼ਿਸ਼ ਕਰੇਗਾ। ਮੇਅਰ ਦਾ ਕਹਿਣਾ ਹੈ ਕਿ ਅੰਮ੍ਰਿਤ ਯੋਜਨਾ ਦਾ ਲਾਭ ਸ਼ਹਿਰ ਦੇ ਲੋਕਾਂ ਨੂੰ ਹੀ ਮਿਲੇਗਾ ਇਸ ਲਈ ਉਹ ਲੋਕਾਂ  ਨੂੰ ਅਪੀਲ ਕਰਦੇ ਹਨ ਕਿ ਉਹ ਤੈਅ ਸਮੇਂ ’ਤੇ ਪ੍ਰਾਪਰਟੀ ਟੈਕਸ ਅਦਾ ਕਰ ਕੇ ਇਸਦਾ ਲਾਭ ਜ਼ਰੂਰ ਲੈਣ।  
 


Related News