‘ਮਿਲਾਵਟ ਖੋਰਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ’

09/17/2018 1:31:33 AM

 ਮੋਗਾ, (ਗੋਪੀ ਰਾਊਕੇ)- ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਪਸ਼ੂ ਭਲਾਈ ਬੋਰਡ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ’ਚ ਮਿਲਾਵਟ ਨੂੰ ਠੱਲ੍ਹ ਪਾਉਣਾ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਨ੍ਹਾਂ ਮੀਟਿੰਗਾਂ ਤਹਿਤ ਪਸ਼ੂ ਭਲਾਈ ਬੋਰਡ ਦੇ ਕੇਂਦਰੀ ਮੈਂਬਰ ਮੋਹਨ ਸਿੰਘ ਆਹਲੂਵਾਲੀਆ ਵੱਲੋਂ ਸਿਵਲ ਹਸਪਤਾਲ ਮੋਗਾ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ,  ਜਿਸ ਦੌਰਾਨ ਉਨ੍ਹਾਂ ਕਿਹਾ ਕਿ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ’ਚ ਮਿਲਾਵਟ ਹੋਣ ਕਰ ਕੇ ਪੇਂਡੂ ਖੇਤਰ ਦੇ ਕਿਸਾਨਾਂ ਨੂੰ ਦੁੱਧ ਦੀ ਸਹੀ ਕੀਮਤ ਨਹੀਂ ਮਿਲਦੀ, ਜਿਸ ਕਾਰਨ ਲੋਕਾਂ ਦਾ ਪਸ਼ੂ ਪਾਲਣ ਦੇ ਕਿੱਤੇ ’ਚ ਉਤਸ਼ਾਹ ਘਟ ਰਿਹਾ ਹੈ। ਆਹਲੂਵਾਲੀਆ ਨੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ਼ੁੱਧ ਦੁੱਧ ਤੇ ਮਿਲਾਵਟਖੋਰੀ ਰੋਕਣ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁੱਧ ਅਤੇ ਦੁੱਧ ਪਦਾਰਥਾਂ ਦੇ ਮਿਲਾਵਟਖੋਰਾਂ ਵਿਰੁੱਧ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਣੀ ਚਾਹੀਦੀ ਹੈ। ਮਿਲਾਵਟਖੋਰੀ ਕਾਰਨ ਹੀ ਦੁੱਧ ਉਤਪਾਦਕਾਂ ਦੀ ਕਦਰ ਘਟੀ ਹੈ ਅਤੇ ਉਨ੍ਹਾਂ ਨੂੰ ਦੁੱਧ ਦੀ ਸਹੀ ਕੀਮਤ ਦਿਵਾਉਣ ਤੇ ਹੌਸਲਾ-ਅਫ਼ਜ਼ਾਈ ਲਈ ਮਿਲਾਵਟਖੋਰੀ ਨੂੰ ਖਤਮ ਕਰਨਾ ਲਾਜ਼ਮੀ ਹੋਵੇਗਾ।  ਇਸ ਮੀਟਿੰਗ ’ਚ ਸਿਵਲ ਸਰਜਨ ਡਾ. ਸੁਸ਼ੀਲ ਜੈਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਮੀਤ ਸਿੰਘ, ਗੁਰਦੁਆਰਾ ਸੰਤ ਅਤਰ ਸਿੰਘ ਚੀਮਾ ਸਾਹਿਬ ਸੰਗਰੂਰ ਤੋ ਸੰਤ ਜੈਵਿੰਦਰ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਐੱਨ. ਜੀ. ਓ. ਐੱਸ. ਕੇ. ਬਾਂਸਲ, ਸੀਨੀਅਰ ਵੈਟਰਨਰੀ ਅਫ਼ਸਰ ਸੁਚੰਦਰ ਤੇ ਸੁਖਵਿੰਦਰ ਸਿੰਘ ਅਤੇ ਵੱਖ-ਵੱਖ ਗਊਸ਼ਲਾਵਾਂ ਦੇ ਪ੍ਰਬੰਧਕ ਹਾਜ਼ਰ ਸਨ।


Related News