ਖਹਿਰਾ ਦੇ ਸਿੱਖ ਰੈਫਰੈਂਡਮ ਸਬੰਧੀ ਦਿੱਤੇ ਬਿਆਨਾਂ ਬਾਰੇ ਕੇਜਰੀਵਾਲ ਆਪਣਾ ਸਟੈਂਡ ਸਪਸ਼ੱਟ ਕਰਨ : ਧਰਮਸੋਤ

06/19/2018 11:24:15 AM

ਅਹਿਮਦਗੜ੍ਹ (ਪੁਰੀ, ਇਰਫਾਨ) — ਪੰਜਾਬ ਸਰਕਾਰ ਦੇ ਮਹਿਕਮਾ ਜੰਗਲਾਤ ਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਧਾਨ ਸਭਾ 'ਚ ਵਿਰੋਧੀ ਧਿਰ ਆਗੂ ਤੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਖਹਿਰਾ ਦੀਆਂ ਪੰਜਾਬ ਅੰਦਰ ਗਤੀਵਿਧੀਆਂ ਅੱਤਵਾਦ ਨੂੰ ਸ਼ਹਿਰ ਦੇਣ ਵਾਲੀਆਂ ਹਨ। ਖਹਿਰਾ ਵਲੋਂ ਸਿੱਖ ਰੈਫਰੈਂਡਮ 2020 ਸਬੰਧੀ ਦਿੱਤੇ ਬਿਆਨਾਂ ਤੋਂ ਭਾਵੇਂ ਪਾਸਾ ਵੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਅਤਿ ਜ਼ਰੂਰੀ ਹੈ। ਰੇਲਵੇ ਰੋਡ ਵਿਖੇ ਕਾਂਗਰਸ ਪਾਰਟੀ ਦੇ ਬਾਜ਼ੀਗਰ ਸੈੱਲ ਦੇ ਚੇਅਰਮੈਨ ਜੱਗਾ ਰਾਮ ਧਰਮਸੋਤ ਦੇ ਬੇਟੇ ਬਿੰਦਰੀ ਰਾਮ ਦੀ ਬਰਸੀ ਮੌਕੇ ਪਹੁੰਚੇ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਤਾਤ ਕਰਦਿਆਂ ਕਿਹਾ ਕਿ ਖਹਿਰਾ ਵਲੋਂ ਦਿੱਤਾ ਗਿਆ ਬਿਆਨ ਸਿੱਧੇ ਤੌਰ 'ਤੇ ਅੱਤਵਾਦ ਨੂੰ ਸ਼ਹਿ ਦੇਣ ਵਾਲਾ ਹੈ ਤੇ ਜੇ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ 'ਚੋਂ ਖਾਰਿਜ ਨਾ ਕੀਤਾ ਤਾਂ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਵਲੋਂ 'ਆਪ' 'ਤੇ ਲੱਗੇ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਇਲਜ਼ਾਮ ਸਿੱਧ ਹੋ ਜਾਣਗੇ। ਧਰਮਸੋਤ ਨੇ ਦਾਅਵਾ ਕੀਤਾ ਕਿ ਜਦੋਂ ਵੀ ਜਨੂੰਨੀ ਪਾਰਟੀਆਂ ਨੇ ਅੱਤਵਾਦ ਜਾਂ ਵੱਖਵਾਦ ਪੈਦਾ ਕੀਤਾ ਹੈ ਤਾਂ ਕਾਂਗਰਸੀ ਆਗੂਆਂ ਨੇ ਅਮਨ-ਸ਼ਾਂਤੀ ਪੈਦਾ ਕਰਨ ਲਈ ਸਿਰ ਧੜ ਦੀ ਬਾਜ਼ੀ ਲਾਈ ਹੈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸਿਰਾਜ ਮੁਹੰਮਦ, ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਜਸਵਿੰਦਰ ਸਿੰਘ ਲਾਲੀ ਪ੍ਰਧਾਨ ਟਰੱਕ ਯੂਨੀਅਨ, ਆਦਿ ਵੀ ਹਾਜ਼ਰ ਸਨ। 


Related News