ਕਾਮਰੇਡਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕੀ

06/19/2018 10:56:21 AM

ਬੋਹਾ (ਮਨਜੀਤ)-ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਦੇ ਵਾਧੇ ਤੇ ਵਧਦੀ ਮਹਿੰਗਾਈ ਦੇ ਵਿਰੋਧ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਮਨਰੇਗਾ ਕੰਮਾਂ 'ਚ ਕੱਟ ਲਗਾਉਣ ਖਿਲਾਫ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਬੋਹਾ ਸਰਕਲ ਦੇ ਪਿੰਡ ਗਾਮੀਵਾਲਾ ਤੇ ਗੰਢੂ ਕਲਾਂ ਵਿਖੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਕੇ ਪ੍ਰਧਾਨ ਮੰਤਰੀ ਦੀਆਂ ਅਰਥੀਆਂ ਫੂਕੀਆਂ । ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਸਹਾਇਕ ਸਕੱਤਰ ਕਾ : ਸੀਤਾ ਰਾਮ ਗੋਬਿੰਦਪੁਰਾ ਅਤੇ ਕਾ : ਵੇਦ ਪ੍ਰਕਾਸ਼ ਬਲਾਕ ਸਕੱਤਰ, ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2014 ਦੀਆਂ ਆਮ ਚੋਣਾਂ ਸਮਂੇ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਉਲਟ ਟੈਕਸਾਂ ਦਾ ਬੋਝ ਪਾ ਕੇ ਤੇ ਹੋਰ ਲੋਕ ਵਿਰੋਧੀ ਫੈਸਲੇ ਲੈ ਕੇ ਆਮ ਜਨਤਾ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਦਿਨੋ-ਦਿਨ ਵਧ ਰਹੀਆਂ ਕਂੇਦਰ ਸਰਕਾਰ ਦੀਆਂ ਵਧੀਕੀਆਂ ਤੇ ਫਿਰਕਾਪ੍ਰਸਤੀ ਦੇ ਖਿਲਾਫ ਦੇਸ਼ ਦੇ ਸੰਘਰਸ਼ ਕਰ ਰਹੇ ਲੋਕਾਂ ਦਾ ਇੱਕਠੇ ਹੋਣਾ ਸਮੇਂ ਦੀ ਮੁੱਖ ਮੰਗ ਹੈ । ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਕਿਸਾਨੀ ਕਰਜ਼ੇ ਮੁਆਫ ਕਰਨ ਆਦਿ ਦੇ ਮਸਲਿਆਂ ਤੇ ਬੁਰੀ ਤਰ੍ਹਾਂ ਫੇਲ ਹੋਈ ਹੈ । ਇਸ ਮੌਕੇ ਮਾ : ਗੁਰਬਚਨ ਸਿੰਘ ਮੰਦਰਾਂ, ਮਨਜੀਤ ਕੌਰ ਗਾਮੀਵਾਲਾ, ਜੱਗਾ ਸਿੰਘ ਸ਼ੇਰਖਾਂ, ਜੇਠੂ ਸਿੰਘ, ਨਛੱਤਰ ਸਿੰਘ ਰਿਉਂਦ, ਬਾਵਾ ਸਿੰਘ, ਲਾਲਾ ਸਿੰਘ ਗੰਢੂਆਂ, ਜਗਮੇਲ ਕੌਰ, ਰਾਣੀ ਕੌਰ ਆਦਿ ਨੇ ਵੀ ਸੰਬੋਧਨ ਕੀਤਾ ।


Related News