ਨਿਗਮ ਨੇ ਸ਼ੁਰੂ ਕੀਤੀ ਨਾਜਾਇਜ਼ ਉਸਾਰੀਆਂ ''ਤੇ ਕਾਰਵਾਈ, ਅਕਾਲੀ ਕੌਂਸਲਰ ਨੇ ਹੱਥ ਜੋੜ ਕੇ ਰੁਕਵਾਇਆ ਬੁਲਡੋਜ਼ਰ

06/19/2018 3:46:11 AM

ਬਠਿੰਡਾ(ਜ.ਬ.)-ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਜਾਇਜ਼ ਉਸਾਰੀਆਂ 'ਤੇ ਕੀਤੀ ਜਾ ਰਹੀ ਸਖ਼ਤੀ ਤੇ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਘੁਰਕੀ ਦਾ ਅਸਰ ਬਠਿੰਡਾ 'ਚ ਦਿਸਣਾ ਸ਼ੁਰੂ ਹੋ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਫਿਰ ਤੋਂ ਕੁਝ ਨਾਜਾਇਜ਼ ਉਸਾਰੀਆਂ 'ਤੇ ਬੁਲਡੋਜ਼ਰ ਚਲਾਇਆ ਜਦਕਿ ਕੁਝ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇਹੀਂ ਨਹੀਂ ਇਸ ਦੌਰਾਨ ਵਾਰਡ ਦੇ ਅਕਾਲੀ ਕੌਂਸਲਰ ਨੇ ਅਧਿਕਾਰੀਆਂ ਸਾਹਮਣੇ ਹੱਥ ਜੋੜ ਕੇ ਇਕ ਇਮਾਰਤ 'ਤੇ ਬੁਲਡੋਜ਼ਰ ਚੱਲਣ ਤੋਂ ਰੁਕਵਾਇਆ। ਇਸ ਮੌਕੇ ਮੌਜੂਦ ਨਗਰ ਨਿਗਮ ਦੇ ਐਕਸੀਅਨ ਸੰਦੀਪ ਗੁਪਤਾ, ਐਕਸੀਅਨ ਰਵਿੰਦਰ ਜੌੜਾ ਆਦਿ ਨੇ ਕਿਹਾ ਕਿ ਨਾਜਾਇਜ਼ ਉਸਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ। ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਟੀਮ ਨੇ ਮਾਨਸਾ ਰੋਡ 'ਤੇ ਬਣੀਆਂ ਕੁਝ ਨਾਜਾਇਜ਼ ਇਮਾਰਤਾਂ 'ਤੇ ਕਾਰਵਾਈ ਕਰਨ ਲਈ ਦੱਬਿਸ਼ ਦਿੱਤੀ। ਇਸ ਦੌਰਾਨ ਨਿਗਮ ਨੇ ਇਕ ਨਾਜਾਇਜ਼ ਇਮਾਰਤ ਦਾ ਕੁਝ ਹਿੱਸਾ ਢਾਹ ਦਿੱਤਾ ਤੇ ਅੱਗੇ ਉਸਾਰੀ ਨਾ ਕਰਨ ਦੀ ਚਿਤਾਵਨੀ ਦਿੱਤੀ। ਇਸ ਦੌਰਾਨ ਕੁਝ ਹੋਰ ਨਾਜਾਇਜ਼ ਉਸਾਰੀਆਂ ਦੇ ਮਾਲਕਾਂ ਨੂੰ ਵੀ ਉਸਾਰੀ ਨਾ ਕਰਨ ਦੀ ਚਿਤਾਵਨੀ ਦਿੱਤੀ। ਇਸਦੇ ਨਾਲ ਹੀ ਟੀਮ ਇਕ ਨਿੱਜੀ ਕੰਪਨੀ ਵੱਲੋਂ ਬਣਾਈ ਜਾ ਰਹੀ ਇਮਾਰਤ 'ਚ ਪਹੁੰਚੀ ਤਾਂ ਵਾਰਡ ਦੇ ਅਕਾਲੀ ਕੌਂਸਲਰ ਰਾਜਿੰਦਰ ਸਿੰਘ ਸਿੱਧੂ ਨੇ ਮੌਕੇ 'ਤੇ ਪਹੁੰਚ ਕੇ ਉਕਤ ਇਮਾਰਤ ਦੇ ਮਾਲਕਾਂ ਨੂੰ 11 ਦਿਨ ਦਾ ਸਮਾਂ ਦੇਣ ਦੀ ਮੰਗ ਕੀਤੀ। ਅਧਿਕਾਰੀਆਂ ਦੇ ਨਾ ਮੰਨਣ 'ਤੇ ਕੌਂਸਲਰ ਨੇ ਹੱਥ ਜੋੜ ਕੇ ਉਨ੍ਹਾਂ ਨੂੰ ਅਪੀਲ ਕੀਤੀ, ਜਿਸ 'ਤੇ ਅਧਿਕਾਰੀਆਂ ਨੇ ਉਸਨੂੰ ਇਕ ਦਿਨ ਦਾ ਸਮਾਂ ਦੇ ਦਿੱਤਾ ਤੇ ਅੱਗੇ ਉਸਾਰੀ ਨਾ ਕਰਨ ਦੀ ਚਿਤਾਵਨੀ ਦਿੱਤੀ।
ਉਸਾਰੀ ਮੁਕੰਮਲ ਹੋਣ 'ਤੇ ਖੁੱਲ੍ਹਦੀ ਹੈ ਨਿਗਮ ਦੀ ਅੱਖ
ਜ਼ਿਕਰਯੋਗ ਹੈ ਕਿ ਨਗਰ ਨਿਗਮ ਬਠਿੰਡਾ ਦੀ ਸੀਮਾ 'ਚ ਪਿਛਲੇ ਕੁਝ ਸਮੇਂ ਦੌਰਾਨ ਵੱਡੇ ਪੱਧਰ 'ਤੇ ਨਾਜਾਇਜ਼ ਉਸਾਰੀਆਂ ਹੋਈਆਂ ਹਨ। ਨਗਰ ਨਿਗਮ ਵੱਲੋਂ ਉਕਤ ਨਾਜਾਇਜ਼ ਉਸਾਰੀਆਂ ਦੇ ਮਾਮਲੇ 'ਚ ਸਿਰਫ ਨੋਟਿਸ ਹੀ ਜਾਰੀ ਕੀਤੇ ਹਨ ਪਰ ਕਿਸੇ ਖਿਲਾਫ ਕੋਈ ਕਰਵਾਈ ਨਹੀਂ ਕੀਤੀ। ਇਹੀ ਨਹੀਂ ਨਗਰ ਨਿਗਮ ਦੇ ਅਧਿਕਾਰੀ ਕਥਿਤ ਮਿਲੀਭੁਗਤ ਦੇ ਕਾਰਨ ਜ਼ਿਆਦਾਤਰ ਨਾਜਾਇਜ਼ ਉਸਾਰੀਆਂ ਖਿਲਾਫ ਪਹਿਲਾਂ ਕੋਈ ਕਾਰਵਾਈ ਨਹੀਂ ਕਰਦੇ, ਜਿਸ ਕਾਰਨ ਸਾਰੀਆਂ ਨਾਜਾਇਜ਼ ਇਮਾਰਤਾਂ ਆਸਾਨੀ ਨਾਲ ਤਿਆਰ ਕਰ ਲਈਆਂ ਜਾਂਦੀਆਂ ਹਨ। ਬਾਅਦ 'ਚ ਦਬਾਅ ਪੈਣ 'ਤੇ ਨਗਰ ਨਿਗਮ ਜਾਗਦਾ ਹੈ ਪਰ ਉਦੋਂ ਤੱਕ ਇਮਾਰਤ ਨੂੰ ਢਾਉਣਾ ਮੁਸ਼ਕਲ ਹੋ ਜਾਂਦਾ ਹੈ। 


Related News