''ਜਗ ਬਾਣੀ'' ''ਚ ਲੱਗੀ ਖਬਰ ਦਾ ਅਸਰ, ਦਰਜਨਾਂ ਜਿਮਖਾਨਾ ਮੈਂਬਰਾਂ ਨੇ ਬਕਾਏ ਜਮ੍ਹਾ ਕਰਵਾਏ

03/23/2018 1:53:39 PM

ਜਲੰਧਰ (ਖੁਰਾਣਾ)—'ਜਗ ਬਾਣੀ' 'ਚ ਜਲੰਧਰ ਜਿਮਖਾਨਾ ਕਲੱਬ ਦੇ 106 ਡਿਫਾਲਟਰਾਂ ਬਾਰੇ ਖਬਰ ਛਪਦਿਆਂ ਹੀ ਦਰਜਨਾਂ ਜਿਮਖਾਨਾ ਮੈਂਬਰਾਂ ਨੇ ਕਲੱਬ ਜਾ ਕੇ ਆਪਣੇ ਬਕਾਏ ਜਮ੍ਹਾ ਕਰਵਾ ਦਿੱਤੇ ਹਨ। ਕਲੱਬ ਸੂਤਰਾਂ ਅਨੁਸਾਰ ਅੱਜ ਸ਼ਾਮ 6 ਵਜੇ ਤੱਕ ਕਲੱਬ ਖਾਤੇ 'ਚ ਕਰੀਬ 8 ਲੱਖ ਰੁਪਏ ਜਮ੍ਹਾ ਹੋ ਚੁੱਕੇ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ 106 ਡਿਫਾਲਟਰਾਂ ਵੱਲ ਕਲੱਬ ਦਾ15 ਲੱਖ ਰੁਪਏ ਬਕਾਇਆ ਸੀ। ਇਕ ਹੀ ਦਿਨ ਵਿਚ 8 ਲੱਖ ਰੁਪਏ ਆ ਜਾਣ ਤੋਂ ਬਾਅਦ ਹੁਣ ਡਿਫਾਲਟਰਾਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ ਪਰ ਅਜੇ ਵੀ ਸ਼ਹਿਰ ਦੇ ਕਈ ਵੀ. ਆਈ. ਪੀ. ਜਿਮਖਾਨਾ ਕਲੱਬ ਦੀ ਡਿਫਾਲਟਰ ਸੂਚੀ ਵਿਚ ਹਨ, ਜਿਨ੍ਹਾਂ ਨੇ ਜੇਕਰ 23 ਮਾਰਚ ਤੱਕ ਆਪਣੇ ਬਕਾਏ ਜਮ੍ਹਾ ਨਾ ਕਰਵਾਏ ਤਾਂ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਹੋਣ ਦੀ ਨੌਬਤ ਆ ਸਕਦੀ ਹੈ। ਵੀਰਵਾਰ ਕਲੱਬ 'ਚ ਬਕਾਏ ਜਮ੍ਹਾ ਕਰਵਾਉਣ ਵਾਲਿਆਂ ਦੀ ਕਾਫੀ ਭੀੜ ਦੇਖੀ ਗਈ।
ਅਪ੍ਰੈਲ 'ਚ ਹੋਣਗੇ ਕਈ ਵੱਡੇ ਈਵੈਂਟ
ਜਿਮਖਾਨਾ ਕਲੱਬ ਮੈਨੇਜਮੈਂਟ ਨੇ ਅਪ੍ਰੈਲ ਮਹੀਨੇ ਵਿਚ ਕਈ ਵੱਡੇ ਈਵੈਂਟ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਲੱਬ ਸੈਕਰੇਟਰੀ ਸੰਦੀਪ ਬਹਿਲ, ਕੈਸ਼ੀਅਰ ਧੀਰਜ ਸੇਠ, ਐਂਟਰਟੇਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋ. ਝਾਂਜੀ, ਸੌਰਵ ਖੁੱਲਰ ਅਤੇ ਸ਼ਾਲਿਨ ਜੋਸ਼ੀ ਨੇ ਦੱਸਿਆ ਕਿ ਪਹਿਲੀ ਅਪ੍ਰੈਲ ਨੂੰ ਰਾਤ 8 ਵਜੇ ਕਲੱਬ ਕੰਪਲੈਕਸ ਵਿਚ ਲਾਈਵ ਮਿਊਜ਼ੀਕਲ ਨਾਈਟ ਹੋਵੇਗੀ, ਜਿਸ ਵਿਚ ਕਲੱਬ ਮੈਂਬਰ ਨਵੇਂ-ਪੁਰਾਣੇ ਗੀਤਾਂ ਦਾ ਆਨੰਦ ਮਾਣ ਸਕਣਗੇ। ਇਸ ਤੋਂ ਇਲਾਵਾ ਸ਼ਨੀਵਾਰ 7 ਅਪ੍ਰੈਲ ਨੂੰ ਰਾਤ 8 ਵਜੇ ਆਈ. ਐੱਨ. ਆਈ. ਐੱਫ. ਡੀ. ਦੇ ਵਿਦਿਆਰਥੀਆਂ ਦੇ ਉਪਰਾਲੇ ਨਾਲ ਕਲੱਬ ਵਿਚ ਫੈਸ਼ਨ ਸ਼ੋਅ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਮਾਡਲਜ਼ ਇਨ੍ਹਾਂ ਵਿਦਿਆਰਥੀਆਂ ਵੱਲੋਂ ਤਿਆਰ ਪੋਸ਼ਾਕਾਂ ਦਾ ਰੈਂਪ 'ਤੇ ਆ ਕੇ ਪ੍ਰਦਰਸ਼ਨ ਕਰਨਗੀਆਂ।
ਇਸ ਤੋਂ ਇਲਾਵਾ ਸ਼ੁੱਕਰਵਾਰ 13 ਅਪ੍ਰੈਲ ਨੂੰ ਗ੍ਰੈਂਡ ਵਿਸਾਖੀ ਤੰਬੋਲਾ ਅਤੇ ਲੱਕੀ ਡਰਾਅ ਕੱਢਿਆ ਜਾ ਰਿਹਾ ਹੈ, ਜਿਸ 'ਚ ਪੰਜਾਬੀ ਲੋਕ ਨਾਚ ਦਾ ਆਕਰਸ਼ਣ ਵੀ ਹੋਵੇਗਾ। 6 ਅਪ੍ਰੈਲ ਤੋਂ 15 ਅਪ੍ਰੈਲ ਤੱਕ ਰਾਇਲ ਕੋਰਟ ਕੈਟਰਰ ਵਲੋਂ ਕਲੱਬ ਵਿਚ ਹੈਦਰਾਬਾਦ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜੀ. ਪੀ. ਐੱਲ. ਦੀਆਂ ਤਿਆਰੀਆਂ ਸ਼ੁਰੂ
ਜਿਮਖਾਨਾ ਕਲੱਬ ਦੀ ਆਊਟਡੋਰ ਸਪੋਰਟਸ ਕਮੇਟੀ ਦੇ ਚੇਅਰਮੈਨ ਐੱਮ. ਬੀ. ਬਾਲੀ ਦੀ ਅਗਵਾਈ ਵਿਚ 16 ਅਪ੍ਰੈਲ ਤੋਂ 28 ਅਪ੍ਰੈਲ ਤੱਕ ਕਲੱਬ ਕੰਪਲੈਕਸ ਵਿਚ ਜੀ. ਪੀ. ਐੱਲ. (ਜਿਮਖਾਨਾ ਪ੍ਰੀਮੀਅਰ ਕ੍ਰਿਕਟ ਲੀਗ) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਟੂਰਨਾਮੈਂਟ ਨੂੰ ਲੈ ਕੇ ਕਲੱਬ ਮੈਂਬਰਾਂ ਤੇ  ਉਨ੍ਹਾਂ ਦੇ ਪਰਿਵਾਰਾਂ ਵਿਚ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ ਅਤੇ 10-12 ਦਿਨ ਕਲੱਬ ਵਿਚ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਹੈ। ਜੇਤੂ ਟੀਮਾਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਂਦੇ ਹਨ।


Related News