ਕੰਪਨੀ ਨੇ ਕਿਹਾ-ਰੇਟ ਨਹੀਂ ਵਧਣ ਦੇਵੇਗਾ ਨਿਗਮ ਤਾਂ ਜਾਵਾਂਗੇ ਕੋਰਟ

03/23/2018 7:48:29 AM

ਚੰਡੀਗੜ੍ਹ (ਰਾਏ) - ਸ਼ਹਿਰ 'ਚ ਪੇਡ ਪਾਰਕਿੰਗ ਰੇਟ ਦੁਬਾਰਾ ਵਧਾਉਣ ਦੇ ਮਾਮਲੇ 'ਚ ਪਾਰਕਿੰਗ ਠੇਕਾ ਚਲਾ ਰਹੀ ਕੰਪਨੀ ਤੇ ਨਗਰ ਨਿਗਮ ਵਿਚ ਠਣ ਗਈ ਹੈ। ਕੰਪਨੀ ਕਹਿ ਰਹੀ ਹੈ ਕਿ 1 ਅਪ੍ਰੈਲ ਤੋਂ ਪਾਰਕਿੰਗ ਦੇ ਰੇਟ ਫਿਰ ਵਧਾਏ ਜਾਣਗੇ, ਉਥੇ ਹੀ ਮੇਅਰ ਨੇ ਕਿਹਾ ਹੈ ਕਿ ਰੇਟ ਵਿਚ ਵਾਧਾ ਨਹੀਂ ਹੋਣ ਦਿੱਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਨਿਗਮ ਇਸ ਵਿਚ ਕੋਈ ਅੜਿੱਕਾ ਪਾਉਂਦਾ ਹੈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਸ਼ਹਿਰ ਭਰ 'ਚ ਪਾਰਕਿੰਗ ਦਾ ਠੇਕਾ ਸੰਭਾਲ ਰਹੀ ਮੈਸਰਜ਼ ਆਰੀਆ ਟੋਲ ਇੰਫਰਾ ਲਿਮਟਿਡ ਵਿਚਕਾਰ ਟਕਰਾਅ ਦੀ ਹਾਲਤ ਬਣੀ ਗਈ ਹੈ। ਕੰਪਨੀ ਨੇ ਪੇਡ ਪਾਰਕਿੰਗ ਦੇ ਰੇਟ ਵਧਾਉਣ ਸਬੰਧੀ ਪਹਿਲਾਂ ਹੋਏ ਕਰਾਰ ਦਾ ਹਵਾਲਾ ਦੇ ਕੇ ਸਖਤ ਰੁਖ਼ ਅਪਣਾਇਆ ਹੋਇਆ ਹੈ।  ਇੰਨਾ ਹੀ ਨਹੀਂ, ਕੰਪਨੀ ਦੇ ਪ੍ਰੋਜੈਕਟ ਕੋਆਰਡੀਨੇਟਰ ਸੰਦੀਪ ਬੋਰਾ ਨੇ ਸਾਫ਼ ਕਿਹਾ ਹੈ ਕਿ ਜੇਕਰ ਕਰਾਰ ਤਹਿਤ 1 ਅਪ੍ਰੈਲ ਤੋਂ ਰੇਟ ਨਹੀਂ ਵਧਾਏ ਗਏ ਤਾਂ ਕੰਪਨੀ ਕਾਨੂੰਨੀ ਬਦਲ ਸਬੰਧੀ ਵੀ ਸੋਚ ਰਹੀ ਹੈ। ਕੰਪਨੀ ਨੇ ਨਿਗਮ ਦੇ ਰਵੱਈਏ ਦੇ ਉਲਟ ਸਮਾਰਟ ਪਾਰਕਿੰਗ ਦੇ ਸਰਟੀਫਿਕੇਟ ਤੇ ਸਾਰੀ ਪਾਰਕਿੰਗ ਥਾਂ ਸਮਾਰਟ ਹੋਣ ਦੇ ਦਾਅਵੇ ਕੀਤੇ ਹਨ।
ਕੰਪਨੀ ਕਿਵੇਂ ਰੇਟ ਵਧਾ ਦੇਵੇਗੀ : ਮੇਅਰ
ਕੰਪਨੀ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਤਾਂ ਤੈਅ ਕਰਾਰ ਤਹਿਤ ਨਿਰਧਾਰਤ ਤਰੀਕ ਵਿਚ ਵਧੇ ਹੋਏ ਰੇਟ ਅਨੁਸਾਰ ਹੀ ਚਾਰਜ ਕਰਨਗੇ। ਕੰਪਨੀ ਦੇ ਇਸ ਰੁਖ਼ ਨਾਲ ਆਉਣ ਵਾਲੇ ਦਿਨਾਂ ਵਿਚ ਇਹ ਟਕਰਾਅ ਵਧ ਵੀ ਸਕਦਾ ਹੈ। ਕੰਪਨੀ ਨੇ ਰੇਟ ਵਧਾਉਣ ਸਬੰਧੀ ਆਪਣੇ ਪੱਧਰ 'ਤੇ ਅੰਦਰੂਨੀ ਬੈਠਕ ਵੀ ਬੁਲਾਉਣ ਦਾ ਫੈਸਲਾ ਕੀਤਾ ਹੈ, ਜਿਸ 'ਚ ਸ਼ਰਤਾਂ ਦੀ ਉਲੰਘਣਾ ਮੰਨਦੇ ਹੋਏ ਕਾਨੂੰਨੀ ਰਾਏ ਵੀ ਲਈ ਜਾ ਸਕਦੀ ਹੈ। ਕੰਪਨੀ ਦੀ ਇਹ ਵੀ ਦਲੀਲ ਹੈ ਕਿ ਪੈਸੇ ਚੁਕਾਉਣ ਤੇ ਰੇਟ ਵਧਾਇਆ ਜਾਣਾ ਦੋਵੇਂ ਵੱਖ-ਵੱਖ ਚੀਜ਼ਾਂ ਹਨ।  ਬਾਕੀ ਪੈਸਾ ਦੇਣ ਤੋਂ ਉਨ੍ਹਾਂ ਨੇ ਮਨ੍ਹਾ ਨਹੀਂ ਕੀਤਾ ਹੈ।
ਕੰਪਨੀ ਦੇ ਨਿਗਮ ਨਾਲ ਹੋਏ ਕਰਾਰ 'ਚ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਜਨਤਾ ਦੀ ਜੇਬ 'ਤੇ ਹੀ ਅਸਰ ਪਿਆ ਹੈ। ਅਜਿਹੇ 'ਚ ਹੁਣ ਨਿਗਮ ਤੇ ਕੰਪਨੀ ਆਹਮੋ-ਸਾਹਮਣੇ ਹੁੰਦੇ ਵਿਖ ਰਹੇ ਹਨ। ਤਲਖੀ ਜ਼ਿਆਦਾ ਵਧੀ ਤਾਂ ਨਿਗਮ ਸਦਨ ਦੀ ਅਗਲੀ ਬੈਠਕ 'ਚ ਇਸ ਸਬੰਧੀ ਖਾਸਾ ਹੰਗਾਮਾ ਹੋ ਸਕਦਾ ਹੈ। ਉਥੇ ਹੀ ਮੇਅਰ ਮੋਦਗਿਲ ਨੇ ਸਵਾਲ ਚੁੱਕਿਆ ਹੈ ਕਿ ਕੰਪਨੀ ਕਿਵੇਂ ਰੇਟ ਵਧਾ ਦੇਵੇਗੀ, ਜਦੋਂ ਸਹੂਲਤਾਂ ਸਮਾਰਟ ਨਹੀਂ ਹੋਈਆਂ। ਪਾਰਕਿੰਗ ਵਾਲੀਆਂ ਜ਼ਮੀਨਾਂ ਤਾਂ ਨਿਗਮ ਅਧੀਨ ਆਉਂਦੀਆਂ ਹਨ। ਕੰਪਨੀ ਦੇ ਰਵੱਈਏ ਨੂੰ ਵੇਖਦੇ ਹੋਏ ਵਿੱਤ ਤੇ ਕਰਾਰ ਕਮੇਟੀ ਦੇ ਫੈਸਲੇ ਤੇ ਬੈਠਕ ਦਾ ਵੀ ਕੀ ਮਤਲਬ ਰਹਿ ਜਾਵੇਗਾ, ਜਿਨ੍ਹਾਂ ਸਮਾਰਟ ਪਾਰਕਿੰਗ ਸਬੰਧੀ ਆ ਰਹੀ ਜਨਤਾ ਨੂੰ ਔਖਿਆਈ ਤੇ ਬਾਕੀ ਪੈਸੇ ਦੀ ਦੇਣਦਾਰ ਦੀ ਸਮੀਖਿਆ ਦੇ ਆਧਾਰ 'ਤੇ ਪਾਰਕਿੰਗ ਦੇ ਰੇਟ ਨਿਰਧਾਰਤ ਤਰੀਕ 1 ਅਪ੍ਰੈਲ ਤੋਂ ਨਾ ਵਧਾਏ ਜਾਣ ਦਾ ਫੈਸਲਾ ਲਿਆ ਸੀ। ਇਸ ਬੈਠਕ 'ਚ ਕੰਪਨੀ ਦੇ ਅਧਿਕਾਰੀਆਂ ਨੂੰ ਹਿੱਸਾ ਲੈਣ ਦੀ ਆਗਿਆ ਨਹੀਂ ਦਿੱਤੀ ਗਈ ਸੀ।  


Related News