ਪਾਰਲੀਮੈਂਟ ''ਚ ਸ਼ਹੀਦ ਭਗਤ ਸਿੰਘ ਵੱਲੋਂ ਸੁੱਟੇ ਬੰਬ ਦੀ ਜਗ੍ਹਾ ਮਾਰਕ ਕੀਤੀ ਜਾਵੇ : ਚੰਦੂਮਾਜਰਾ

03/23/2018 7:27:50 AM

ਚੰਡੀਗੜ੍ਹ (ਜ. ਬ.) - ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਤੇ ਬੀ. ਕੇ. ਦੱਤ ਦੀਆਂ ਕੁਰਸੀਆਂ ਰਿਜ਼ਰਵ ਕਰਕੇ ਉਨ੍ਹਾਂ ਵੱਲੋਂ ਸੁੱਟੇ ਬੰਬ ਦੀ ਜਗ੍ਹਾ ਮਾਰਕ ਕੀਤੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਤੇ ਬੀ. ਕੇ. ਦੱਤ ਵੱਲੋਂ ਜਿਨ੍ਹਾਂ ਕੁਰਸੀਆਂ 'ਤੇ ਬੈਠ ਕੇ ਪਾਰਲੀਮੈਂਟ ਅੰਦਰ ਬੰਬ ਸੁੱਟਿਆ ਸੀ, ਉਸ ਜਗ੍ਹਾ 'ਤੇ ਕੁਰਸੀਆਂ ਈਅਰ-ਮਾਰਕ ਕਰਕੇ ਪਲੇਟ ਲਾਈ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਜਾਣਕਾਰੀ ਮਿਲ ਸਕੇ ਕਿ ਕਿੰਨਾ ਜੋਖ਼ਮ ਉਠਾ ਕੇ ਜਾਨ ਤਲੀ 'ਤੇ ਰੱਖ ਕੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਹਾਸਲ ਕਰਨ ਲਈ ਕੁਰਬਾਨੀਆਂ ਦਿੱਤੀਆਂ।
ਉਨ੍ਹਾਂ ਮੈਡਮ ਸਪੀਕਰ ਤੋਂ ਹਾਊਸ ਵਿਚ ਇਹ ਵੀ ਮੰਗ ਕੀਤੀ ਕਿ 23 ਮਾਰਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਪਾਰਲੀਮੈਂਟ ਨੂੰ ਛੁੱੱਟੀ ਹੋਵੇ ਤੇ ਹਰ ਮੈਂਬਰ ਪਾਰਲੀਮੈਂਟ ਨੂੰ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਦੇਣ ਦੀ ਸਲਾਹ ਦੇ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਥੇ ਰੱਖੀ ਸ਼ਹੀਦੀ ਕਾਨਫਰੰਸ ਵਿਚ ਪਹੁੰਚਣ ਲਈ ਅਪੀਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹੀਦੀ ਦਿਨ 'ਤੇ ਸ਼ਹੀਦ ਦੇ ਪਿੰਡ ਜਾ ਕੇ ਸ਼ਰਧਾਂਜਲੀ ਦੇਣ ਨਾਲ ਪਾਰਲੀਮੈਂਟ ਅੰਦਰ ਵਿਘਨ ਪਾਉਣ ਵਾਲਿਆਂ ਨੂੰ ਜ਼ਰੂਰ ਸ਼ਰਮਸਾਰ ਹੋਣਾ ਪਵੇਗਾ।
ਪਾਰਲੀਮੈਂਟ ਅੰਦਰ ਮਾਹੌਲ ਠੀਕ ਨਾ ਹੋਣ ਕਾਰਨ ਪ੍ਰੋ. ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੂੰ ਲੈ ਕੇ ਮਾਣਯੋਗ ਸਪੀਕਰ ਨੂੰ ਮਿਲੇ।  15 ਮਿੰਟ ਹੋਈ ਗੱਲਬਾਤ ਸਮੇਂ ਮੈਡਮ ਸਪੀਕਰ ਨੇ ਇਨ੍ਹਾਂ ਆਗੂਆਂ ਤੇ ਸੰਸਦ ਮੈਂਬਰਾਂ ਵੱਲੋਂ ਰੱਖੀ ਇਸ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਵਿਸ਼ਵਾਸ ਦਿੱਤਾ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰੀ ਮਹੇਸ਼ ਸ਼ਰਮਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਅਜਾਇਬ ਘਰ ਦਾ ਖਟਕੜ ਕਲਾਂ ਵਿਖੇ ਉਦਘਾਟਨ ਕਰਨਗੇ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਥੇ ਰੱਖੀ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਵੀ ਕਰਨਗੇ ।


Related News