20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਲਰਕ ਰੰਗੇ ਹੱਥੀਂ ਕਾਬੂ

03/22/2018 5:19:24 PM


ਗਿੱਦੜਬਾਹਾ (ਤਰਸੇਮ ਢੁੱਡੀ, ਸੰਧਿਆ) - ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਕਾਰਜਕਾਰੀ ਇੰਜੀਨੀਅਰ ਪੀ. ਡਬਲਯੂ. ਡੀ. ਬੀ. ਐਂਡ ਆਰ. ਦਫਤਰ, ਗਿੱਦੜਬਾਹਾ ਵਿਖੇ ਤਾਇਨਾਤ ਇਕ ਕਲਰਕ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਰਜਕਾਰੀ ਦਫਤਰ, ਗਿੱਦੜਬਾਹਾ ਵਿਚ ਤਾਇਨਾਤ ਕਲਰਕ ਰਜਿੰਦਰਪਾਲ ਨੂੰ ਸ਼ਿਕਾਇਤਕਰਤਾ ਕਰਮਜੀਤ ਕੌਰ ਵਾਸੀ ਪਿੰਡ ਕਾਉਣੀ, ਗਿੱਦੜਬਾਹਾ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। 
ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਤੀ, ਜੋ ਕਿ ਇਸੇ ਵਿਭਾਗ 'ਚ ਬੇਲਦਾਰ ਵਜੋਂ ਤਾਇਨਾਤ ਸੀ, ਦੀ ਮੌਤ ਹੋਣ ਤੋਂ ਬਾਅਦ ਬਕਾਇਆ ਫੰਡ ਜਾਰੀ ਕਰਨ ਬਦਲੇ ਉਕਤ ਕਲਰਕ ਵੱਲੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਵਿਜੀਲੈਂਸ ਵੱਲੋਂ ਪੜਤਾਲ ਉਪਰੰਤ ਉਕਤ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Related News