ਲੁਧਿਆਣਾ : ਇਕ ਕਿਲੋ ਹੈਰੋਇਨ ਸਮੇਤ ਦੋ ਦੋਸ਼ੀ ਗ੍ਰਿਫਤਾਰ

03/22/2018 3:34:09 PM

ਲੁਧਿਆਣਾ (ਰਿਸ਼ੀ) - ਲੁਧਿਆਣਾ ਪੁਲਸ ਨੇ ਦੋ ਵਿਅਕਤੀਆਂ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਏ. ਆਈ. ਜੀ. ਐੱਸ. ਟੀ. ਐੱਫ. ਮੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪੁਲਸ ਪਾਰਟੀ ਵਲੋਂ ਡੈਂਟਲ ਕਾਲਜ ਮੋਤੀ ਨਗਰ ਵੱਲ ਗਸ਼ਤ ਕੀਤੀ ਜਾ ਰਹੀ ਸੀ, ਜਦੋਂ ਪੁਲਸ ਪਾਰਟੀ ਸੈਕਟਰ 39-ਏ 'ਚ ਬਣੇ ਪਾਰਕ ਕੋਲ ਪਹੁੰਚੇ ਤਾਂ ਦੋਨੋਂ ਦੋਸ਼ੀ ਰਜੇਸ਼ ਕੁਮਾਰ ਉਰਫ ਗੇਜਾ (40) ਤੇ ਵਜਿੰਦਰ ਸਿੰਘ (27) ਪੁਲਸ ਨੂੰ ਦੇਖ ਭੱਜਣ ਲੱਗੇ, ਜਦ ਕਿ ਪੁਲਸ ਨੇ ਮੁਸ਼ਤੈਦੀ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ ਤੇ ਉਕਤ ਦੋਸ਼ੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਅਧਿਕਾਰੀ ਵਲੋਂ ਪੁੱਛਗਿੱਛ ਕਰਨ ਦੌਰਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਹ ਨਸ਼ਾ ਕਰਨ ਦਾ ਆਦੀ ਹੋ ਗਿਆ ਤੇ ਫਿਰ ਨਸ਼ਾ ਵੇਚਣ ਲੱਗਾ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਗੇਜਾ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਇਰਾਦਾ ਕਤਲ ਤੇ ਨਸ਼ੇ ਦੀ ਤਸਕਰੀ ਦੇ ਚਾਰ ਮੁਕੱਦਮੇ ਦਰਜ ਹਨ ਤੇ ਉਹ ਕਈ ਵਾਰ ਜੇਲ ਵੀ ਜਾ ਚੁੱਕਾ ਹੈ। ਇਸ ਤਰ੍ਹਾਂ ਦੂਜੇ ਦੋਸ਼ੀ ਵਜਿੰਦਰ ਸਿੰਘ ਦੇ ਖਿਲਾਫ ਨਸ਼ਾ ਤਸਕਰੀ ਦਾ ਪਹਿਲਾਂ ਵੀ ਮੁਕੱਦਮਾ ਦਰਜ ਹੈ ਤੇ ਦੋਸ਼ੀ ਕੁਝ ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ ਤੇ ਦੋਸ਼ੀ ਨੇ ਫਿਰ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਲਿਆ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News