ਆਖਰ ਕਦੋਂ ਬਣੇਗਾ ਸ਼ਹੀਦ ਭਗਤ ਸਿੰਘ ਦੇ ਸੁਪਨਿਆ ਵਾਲਾ ਸਮਾਜ

03/22/2018 2:26:47 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆ ਨੂੰ 23 ਮਾਰਚ ਦਿਨ ਸ਼ੁਕਰਵਾਰ ਨੂੰ ਫਾਂਸੀ 'ਤੇ ਚੜਾਇਆ ਸੀ, ਜਿਸ ਨੂੰ 87 ਸਾਲ ਪੂਰੇ ਹੋਣ ਵਾਲੇ ਹਨ ਪਰ ਕੀ ਜਿਸ ਮਕਸਦ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਨੇ ਜਵਾਨ ਉਮਰ ਵਿਚ ਕੁਰਬਾਨੀ ਦਿੱਤੀ, ਉਹ ਮਕਸਦ 87 ਸਾਲਾਂ ਵਿਚ ਪੂਰਾ ਹੋ ਗਿਆ ਹੈ। 
ਕਈ ਲੋਕ ਅੱਜ ਵੀ ਜਲਾਲਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਬਦਲਿਆ ਕੁਝ ਵੀ ਨਹੀਂ ਕਿਉਂਕਿ ਸਮੇਂ ਦੇ ਹਾਕਮਾਂ ਨੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਹੋਣ ਨਹੀਂ ਦਿੱਤਾ। 'ਇਨਕਲਾਬ-ਜਿੰਦਾਬਾਦ' ਦੇ ਨਾਅਰੇ ਲਗਾਉਣ ਵਾਲੇ ਸੰਘਰਸ਼ਸ਼ੀਲਾਂ ਦੀ ਸਮੇਂ ਦੀਆਂ ਸਰਕਾਰਾਂ ਨੇ ਧੌਣ ਮਰੋੜ ਕੇ ਰੱਖੀ। ਭਗਤ ਸਿੰਘ ਦੇ ਰਾਹਾਂ 'ਤੇ ਕੁਰਨ ਵਾਲਾ ਕੋਈ ਵਿਰਲਾ ਟਾਵਾ ਹੈ, ਕਿਉਂਕਿ ਇਹ ਰਾਹ ਬੜਾ ਔਖਾ ਹੈ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ਭਗਤ ਸਿੰਘ ਦੇ ਸੁਪਨਿਆਂ ਵਾਲਾ ਸਮਾਜ ਬਨਾਉਣ ਲਈ ਵੱਖ-ਵੱਖ ਖੇਤਰਾਂ ਨਾਲ ਜੁੜੇ ਕੁਝ ਵਿਅਕਤੀਆਂ ਨਾਲ ਗੱਲਬਾਤ ਕੀਤੀ। ਆਉ ਜਾਣੀਏ ਉਨ੍ਹਾਂ ਦਾ ਪੱਖ। 

ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ : ਹਰਗੋਬਿੰਦ ਕੌਰ 
ਆਂਗਨਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ, ਜੋ ਦੇਸ਼ ਭਰ ਵਿਚ ਬੜੇ ਸੰਘਰਸ਼ਸ਼ੀਲ ਨੇਤਾ ਵਜੋ ਜਾਣੇ ਜਾਂਦੇ ਹਨ। ਉਹ ਕਈ ਵਾਰ ਪੁਲਸ ਦੀ ਕੁੱਟਮਾਰ ਖਾ ਕੇ ਜੇਲ ਥਾਣਿਆਂ ਵਿਚ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਲਏ ਹੋਏ ਸੁਪਨਿਆਂ ਨੂੰ ਪੂਰਾ ਕਰਨਾ ਸਾਡਾ ਸਭ ਦਾ ਫਰਜ ਹੈ, ਕਿਉਂਕਿ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੇ ਕਿਸੇ ਨਿੱਜੀ ਲਾਭ ਲਈ ਕੁਰਬਾਨੀ ਨਹੀਂ ਦਿੱਤੀ, ਸਗੋਂ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਲਈ ਤੇ ਅਜਾਦੀ ਲਈ ਬੀੜਾ ਚੁੱਕਿਆ ਸੀ।  

ਭਗਤ ਸਿੰਘ ਨੂੰ ਫਿਕਰ ਸੀ ਕਿਸਾਨਾਂ, ਮਜ਼ਦੂਰਾਂ ਤੇ ਦੱਬੇ ਕੁਚਲੇ ਲੋਕਾਂ ਦਾ : ਗੁਰਾਂਦਿੱਤਾ ਸਿੰਘ  
ਕਿਸਾਨ ਹਿੱਤਾ ਖਾਤਰ ਪਿਛਲੇਂ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਾਦਿੱਤਾ ਸਿੰਘ ਭਾਗਸਰ ਨੇ ਕਿਹਾ ਕਿ ਕਿ ਸ਼ਹੀਦ ਭਗਤ ਸਿੰਘ ਨੂੰ ਫਿਕਰ ਸੀ ਕਿਸਾਨਾਂ, ਮਜਦੂਰਾਂ ਅਤੇ ਦੱਬੇ ਕੁਚਲੇ ਲੋਕਾਂ ਦਾ। ਉਨ੍ਹਾਂ ਦਾ ਸੁਪਨਾ ਸੀ ਕਿ ਸਭ ਨੂੰ ਬਰਾਬਰਤਾ ਦਾ ਹੱਕ ਮਿਲੇ ਪਰ ਮੰੰਦਭਾਗੀ ਗੱਲ ਇਹ ਕਿ ਭਗਤ ਸਿੰਘ ਦੇ ਸੁਪਨਿਆਂ ਨੂੰ ਕਈ ਸਿਆਸੀ ਬੰਦਿਆਂ ਨੇ ਰੋਲ ਕੇ ਰੱਖ ਦਿੱਤਾ ਹੈ।  

ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਮਿਲੇ : ਬੂਟਾ ਸਿੰਘ ਵਾਕਿਫ਼
ਤਕਰਸ਼ੀਲ ਲਹਿਰ ਨਾਲ ਪਿਛਲੇਂ ਲੰਮੇਂ ਸਮੇਂ ਤੋਂ ਜੁੜੇ ਆ ਰਹੇ ਅਧਿਆਪਕ ਆਗੂ ਬੂਟਾ ਸਿੰਘ ਵਾਕਿਫ਼ ਜਿੰਨਾਂ ਨੇ ਚੰਗੀਆਂ ਤੇ ਉਸਾਰੂ ਪੁਸਤਕਾ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ, ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਸੀ ਕਿ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਮਿਲੇ। ਹਰ ਵਿਅਕਤੀ ਨੂੰ ਕੰਮ ਮਿਲੇ ਤਾਂ ਹੀ ਇਕ ਨਰੋਏ ਸਮਾਜ ਦੀ ਸਿਰਜਨਾ ਹੋ ਸਕਦੀ ਹੈ ਪਰ ਇਥੇ ਪੜ ਲਿਖ ਕੇ ਤੇ ਮਾਪਿਆਂ ਦਾ ਲੱਖਾਂ ਰੁਪਈਆ ਖਰਚਾ ਕਰਵਾ ਲੱਖਾਂ ਨੌਜਵਾਨ ਲੜਕੇ ਲੜਕੀਆਂ ਡਿਗਰੀਆਂ ਚੁੱਕੀ ਫਿਰਦੇ ਹਨ। ਸਰਕਾਰਾਂ ਨੌਕਰੀਆਂ ਤਾਂ ਨਹੀਂ ਦਿੰਦੀਆ, ਸਗੋਂ ਨੌਕਰੀਆਂ ਤੇ ਰੁਜਗਾਰ ਮੰਗਣ ਵਾਲਿਆਂ ਤੇ ਪੁਲਸ ਦੀਆਂ ਡਾਂਗਾ ਵਰਾਈਆ ਜਾਂਦੀਆ।  

ਗਰੀਬਾਂ ਤੇ ਅਮੀਰਾਂ ਲਈ ਹੈ ਵੱਖਰਾ ਵੱਖਰਾ ਹੈ ਕਾਨੂੰਨ : ਜਗਜੀਤ ਸਿੰਘ ਜੱਸੇਆਣਾ 
ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਤੇ ਇਨਕਲਾਬੀ ਲਹਿਰ ਨਾਲ ਜੁੜੇ ਜਗਜੀਤ ਸਿੰਘ ਜੱਸੇਆਣਾ, ਜੋ ਗਰੀਬ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ, ਨੇ ਇਸ ਮੌਕੇ ਕਿਹਾ ਕਿ ਜਿਹੋ ਜਿਹਾ ਕਾਨੂੰਨ ਭਗਤ ਸਿੰਘ ਚਾਹੁੰਦੇ ਸਨ ਕਿ ਹਰ ਇਕ ਲਈ ਕਾਨੂੰਨ ਇਕ ਹੋਵੇ, ਉਹ ਨਹੀਂ ਹੈ। ਸਗੋਂ ਕਾਨੂੰਨ ਗਰੀਬਾਂ ਤੇ ਅਮੀਰਾਂ ਲਈ ਵੱਖਰਾ, ਗਰੀਬਾਂ ਦੀ ਅਵਾਜ ਨੂੰ ਹਮੇਸ਼ਾ ਦਬਾਇਆ ਜਾਂਦਾ ਹੈ।

ਕਿਥੇ ਹੈ ਔਰਤਾਂ ਦਾ ਸਤਿਕਾਰ : ਕਿਰਨਦੀਪ ਕੌਰ ਢਿੱਲੋਂ
ਬਾਬਾ ਫਰੀਦ ਕਾਲਜ ਦਿਉਣ ਵਿਖੇ ਐੱਮ. ਐੱਸ. ਈ. ਮੈਥ ਦੀ ਪੜਾਈ ਕਰ ਰਹੀ ਭਾਗਸਰ ਪਿੰਡ ਦੀ ਵਿਦਿਆਰਥਣ ਕਿਰਨਦੀਪ ਕੌਰ ਢਿੱਲੋਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਚਾਹੁੰਦੇ ਸਨ ਕਿ ਔਰਤਾਂ ਦਾ ਹਰ ਥਾਂ ਮਾਣ ਸਤਿਕਾਰ ਹੋਵੇ ਪਰ ਔਰਤਾਂ ਦਾ ਸਤਿਕਾਰ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਔਰਤਾਂ 'ਤੇ ਜੁਲਮ ਅੱਜ ਵੀ ਹੋ ਰਿਹਾ ਹੈ। ਉਨ੍ਹਾਂ ਹਮੇਸ਼ਾ ਹੀ ਦਬਾ ਕੇ ਰੱਖਿਆ ਜਾ ਰਿਹਾ ਹੈ।  


Related News