ਹੱਤਿਆ ਦੇ ਮਾਮਲੇ ''ਚ ਦੋ ਸਕੇ ਭਰਾ ਨਾਮਜ਼ਦ

03/21/2018 10:56:47 PM

ਗੜ੍ਹਸ਼ੰਕਰ, (ਬੈਜ ਨਾਥ)- ਬੀਤੇ ਦਿਨ ਪਿੰਡ ਪਨਾਮ ਤੋਂ ਚੱਕਫੁਲੂ ਨੂੰ ਜਾਂਦੀ ਲਿੰਕ ਰੋਡ 'ਤੇ ਜਿਸ ਅਸ਼ੋਕ ਕੁਮਾਰ (42) ਦੀ ਲਾਸ਼ ਮਿਲੀ ਸੀ, ਉਸ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਸਨ। ਅਸ਼ੋਕ ਕੁਮਾਰ ਦੀ ਹੱਤਿਆ ਦੇ ਦੋਸ਼ ਵਿਚ ਗੜ੍ਹਸੰਕਰ ਪੁਲਸ ਨੇ ਪਿੰਡ ਪਨਾਮ ਦੇ ਦੋ ਸਕੇ ਭਰਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਅਸ਼ੋਕ ਕੁਮਾਰ ਦੇ ਭਰਾ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਿੰਡ ਦੇ ਹੀ ਮਹਿੰਦਰ ਸਿੰਘ ਪੁੱਤਰ ਦੇਵ ਰਾਜ ਨਾਲ ਦੋਸਤੀ ਸੀ। 
ਦੋਵਾਂ ਨੇ ਸੋਮਵਾਰ ਸ਼ਾਮ ਨੂੰ ਇਕੱਠੇ ਬੈਠ ਕੇ ਸ਼ਰਾਬ ਪੀਤੀ ਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਬਹਿਸ ਹੋ ਗਈ ਤੇ ਮਹਿੰਦਰ ਸਿੰਘ ਨੇ ਆਪਣੇ ਭਰਾ ਸੰਤੋਖ ਸਿੰਘ ਨੂੰ ਮੌਕੇ 'ਤੇ ਬੁਲਾ ਲਿਆ। 
ਦੋਵਾਂ ਭਰਾਵਾਂ ਨੇ ਅਸ਼ੋਕ ਕੁਮਾਰ ਨੂੰ ਧੱਕਾ ਦੇ ਦਿੱਤਾ, ਜਿਸ ਨਾਲ ਅਸ਼ੋਕ ਕੁਮਾਰ ਛੱਤ ਤੋਂ ਹੇਠਾਂ ਡਿੱਗ ਪਿਆ। ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਉਨ੍ਹਾਂ ਲਾਸ਼ ਨੂੰ ਟਿਕਾਣੇ ਲਾਉਣ ਲਈ ਪਿੰਡ ਤੋਂ ਬਾਹਰ ਲਿੰਕ ਸੜਕ ਤੇ ਸੁੱਟ ਦਿੱਤਾ। ਐੱਸ. ਐੱਚ. ਓ. ਰੰਜਨਾ ਦੇਵੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਦੋਵਾਂ ਸਕੇ ਭਰਾਵਾਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News