ਸਮੀਰ ਸਵਿਸ ਓਪਨ ਸੈਮੀਫਾਈਨਲ ਵਿੱਚ, ਕਸ਼ਯਪ ਵੀ ਵਿਏਨਾ ਵਿੱਚ ਚਮਕੇ

02/24/2018 3:38:01 PM

ਬਾਸੇਲ, (ਬਿਊਰੋ)— ਭਾਰਤੀ ਸ਼ਟਲਰ ਸਮੀਰ ਵਰਮਾ ਦੁਨੀਆ ਦੇ ਸਾਬਕਾ ਨੰਬਰ ਦੋ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਟਾ ਨੂੰ ਹਰਾਕੇ 150,000 ਡਾਲਰ ਇਨਾਮੀ ਰਾਸ਼ੀ ਦੇ ਸਵਿਸ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ । ਸਈਅਦ ਮੋਦੀ ਗਰਾਂ ਪ੍ਰੀ ਦੇ ਸੋਨੇ ਦੇ ਤਮਗਾਧਾਰੀ ਸਮੀਰ ਨੇ ਪੁਰਸ਼ ਸਿੰਗਲ ਕੁਆਰਟਰਫਾਈਨਲ 'ਚ ਮੋਮੋਟਾ ਨੂੰ 21-17, 21-16 ਨਾਲ ਹਰਾਇਆ । ਜਾਪਾਨ ਦੇ 23 ਸਾਲ ਦੇ ਇਸ ਖਿਡਾਰੀ ਨੂੰ ਨਿੱਪੋ ਬੈਡਮਿੰਟਨ ਸੰਘ ਨੇ 2016 ਵਿੱਚ ਕੈਸਿਨੋ ਵਿੱਚ ਜਾਣ ਲਈ ਬੈਨ ਕਰ ਦਿੱਤਾ ਸੀ । 

ਸਾਲ 2016 ਦੇ ਹਾਂਗਕਾਂਗ ਸੁਪਰ ਸੀਰੀਜ਼ ਦੇ ਫਾਈਨਲਸ ਵਿੱਚ ਪੁੱਜੇ ਸਮੀਰ ਦਾ ਸਾਹਮਣਾ ਹੁਣ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਈਲੈਂਡ ਦੇ ਕਾਂਟਾਫੋਨ ਵਾਂਗਚਾਰੋਏਨ ਨਾਲ ਹੋਵੇਗਾ । ਜਦਕਿ ਐੱਮ ਆਰ ਅਰਜੁਨ ਅਤੇ ਸ਼ਲੋਕ ਰਾਮਚੰਦਰਨ ਦੀ ਪੁਰਸ਼ ਡਬਲਜ਼ ਜੋੜੀ ਨੂੰ ਥਾਈਲੈਂਡ ਦੇ ਮੈਨੀਪੋਂਗ ਜੋਂਗਜੀਤ ਅਤੇ ਨਾਨਥਾਕਰਨ ਯੋਰਡਫਾਈਸੋਂਗ ਤੋਂ 13-21, 18-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ । 

ਵਿਏਨਾ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪੀ. ਕਸ਼ਯਪ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਸੱਤਵਾਂ ਦਰਜਾ ਪ੍ਰਾਪਤ ਡੈਨਮਾਰਕ ਦੇ ਵਿਕਟਰ ਸਵੇਂਡਸਨ ਨੂੰ 21-17, 21-19 ਨਾਲ ਹਰਾ ਕੇ ਆਸਟਰੀਆ ਓਪਨ ਅੰਤਰਰਾਸ਼ਟਰੀ ਚੈਲੰਜ ਦੇ ਫਾਈਨਲ ਵਿੱਚ ਪਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਰਾਲ ਮਸਟ ਨਾਲ ਹੋਵੇਗਾ ।


Related News