ਅਰਸ਼ ਤੋਂ ਫਰਸ਼ ''ਤੇ ਆਏ ਇਸ ਪੰਜਾਬੀ ਅਭਿਨੇਤਾ ਦੀਆਂ ਅੱਖਾਂ ''ਚੋਂ ਛਲਕੇ ਹੰਝੂ (ਤਸਵੀਰਾਂ)

05/30/2016 12:13:30 PM

ਲੁਧਿਆਣਾ (ਮੋਹਿਨੀ) : ਪੰਜਾਬੀ ਫਿਲਮਾਂ ਦੇ ਮੰਨੇ-ਪ੍ਰਮੰਨੇ ਅਭਿਨੇਤਾ ਸਤੀਸ਼ ਕੌਲ ਪੰਜਾਬ ਫਿਲਮ ਇੰਡਸਟਰੀ ਦੇ ਸਿਰਮੌਰ ਰਹੇ ਹਨ। ਕੋਈ ਸਮਾਂ ਹੁੰਦਾ ਸੀ, ਜਦੋਂ ਕੋਈ ਵੀ ਪੰਜਾਬੀ ਫਿਲਮ ਸਤੀਸ਼  ਕੌਲ ਦੇ ਬਿਨਾਂ ਪੂਰੀ ਨਹੀਂ ਮੰਨੀ ਜਾਂਦੀ ਸੀ। ਸਤੀਸ਼ ਕੌਲ ਕਰੀਬ 200 ਪੰਜਾਬੀ ਫਿਲਮਾਂ ''ਚ ਬਤੌਰ ਅਭਿਨੇਤਾ ਕੰਮ ਕਰ ਚੁੱਕੇ ਹਨ ਪਰ ਅੱਜ ਦੇ ਸਮੇਂ ''ਚ ਉਹ ਬੜੀ ਮੁਸ਼ਕਲ ਭਰੀ ਜ਼ਿੰਦਗੀ ਜੀਅ ਰਹੇ ਹਨ। 
ਸਤੀਸ਼ ਕੌਲ 3 ਸਾਲ ਪਹਿਲਾਂ ਮੁੰਬਈ ਤੋਂ ਲੁਧਿਆਣਾ ਆ ਕੇ ਵਸ ਗਏ ਸਨ। ਕੌਲ ਨੇ ਦੱਸਿਆ ਕਿ ਮੁੰਬਈ ਤੋਂ ਲੁਧਿਆਣਾ ਆ ਕੇ ਉਨ੍ਹਾਂ ਨੇ ਆਪਣੀ ਜਮ੍ਹਾਂ ਕੀਤੀ ਗਈ ਪੂੰਜੀ ਨਾਲ ਐਕਟਿੰਗ ਸਕੂਲ ਖੋਲ੍ਹਿਆ ਪਰ ਅੱਜ ਦੇ ਆਧੁਨਿਕਤਾ ਦੇ ਜ਼ਮਾਨੇ ਨੇ ਪੁਰਾਣੇ ਕਲਾਕਾਰਾਂ ਨੂੰ ਨਵੀਂ ਪੀੜ੍ਹੀ ਤੋਂ ਦੂਰ ਕਰ ਦਿੱਤਾ, ਇਸ ਲਈ ਉਨ੍ਹਾਂ ਦਾ ਐਕਟਿੰਗ ਸਕੂਲ ਬੰਦ ਹੋ ਗਿਆ। ਇਕ ਅਜਿਹਾ ਸਮਾਂ ਵੀ ਆਇਆ, ਜਦੋਂ ਉਨ੍ਹਾਂ ਨੂੰ ਖਾਣ-ਪੀਣ ਦੇ ਵੀ ਲਾਲੇ ਪੈ ਗਏ ਅਤੇ ਸਮਾਜ ਸੇਵੀ ਸੰਸਥਾ ਲੁਧਿਆਣਾ ਸਿਟੀਜ਼ਨ ਕੌਂਸਲ ਦੇ ਚੇਅਰਮੈਨ ਦਰਸ਼ਨ ਅਰੋੜਾ ਅਤੇ ਅਸ਼ੋਕ ਧੀਰ ਨੇ ਇਸ ਔਖੇ ਸਮੇਂ ''ਚ ਸਤੀਸ਼ ਕੌਲ ਦਾ ਹੱਥ ਫੜ੍ਹਿਆ।
ਸੰਸਥਾ ਨੇ ਕੁਲੈਕਟਰ ਦੀ ਆਗਿਆ ਲੈ ਕੇ ਆਪਣੇ ਫੰਡ ''ਚੋਂ ਉਨ੍ਹਾਂ ਨੂੰ ਰੈੱਡ ਕਰਾਸ ਭਵਨ ਦੇ ਓਲਡ ਏਜ ਹੋਮ ''ਚ ਭਰਤੀ ਕਰਾਇਆ ਅਤੇ ਕੌਲ 4 ਮਹੀਨੇ ਉੱਥੇ ਰਹੇ। ਉਸ ਤੋਂ ਬਾਅਦ ਸੰਸਥਾ ਨੇ ਦੋਰਾਹਾ ''ਚ ਹੈਵਨਲੀ ਪੈਲਸ ''ਚ ਜਗ੍ਹਾ ਉਨ੍ਹਾਂ ਨੂੰ ਜਗ੍ਹਾ ਦੁਆਈ।
ਸਤੀਸ਼ ਕੌਲ ਨੇ ਦੱਸਿਆ ਕਿ ਪਟਿਆਲਾ ''ਚ ਪੈਰ ਫਿਸਲਣ ਕਾਰਨ ਉਨ੍ਹਾਂ ਦੇ ਚੂਲੇ ''ਤੇ ਗੰਭੀਰ ਸੱਟ ਲੱਗ ਗਈ ਅਤੇ ਇਕ ਸਾਲ ਤੱਕ ਗਿਆਨ ਸਾਗਰ ਹਸਪਤਾਲ ''ਚ ਉਨ੍ਹਾਂ ਦਾ ਇਲਾਜ ਚੱਲਿਆ। ਫਿਰ ਉਹ ਵਾਪਸ ਲੁਧਿਆਣਾ ਆ ਗਏ। ਹੁਣ 3 ਐੱਨ. ਜੀ. ਓ. ਲੁਧਿਆਣਾ ਸਿਟੀਜ਼ਨ ਕੌਂਸਲ ਦੇ ਚੇਅਰਮੈਨ ਦਰਸ਼ਨ ਅਰੋੜਾ, ਪੀ. ਆਰ. ਓ, ਡਾ. ਐੱਸ. ਬੀ. ਪਾਂਧੀ, ਪੰਜਾਬ  ਸੁਪਰ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਧੀਰ, ਪ੍ਰਧਾਨ ਪਰਵੀਣ ਇਸਲਾਮ ਅਤੇ ਲੁਧਿਆਣਾ ਡਿਸਟ੍ਰੀਬਿਊਟਰ ਐਸੋਸੀਏਸ਼ਨ ਨੇ ਸਤੀਸ ਕੌਲ ਦੀ ਮਦਦ ਲਈ ਪ੍ਰਸ਼ੰਸਾ ਯੋਗ ਕਦਮ ਚੁੱਕਿਆ ਹੈ। 
ਸਤੀਸ਼ ਕੌਲ ਦੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿੰਨਾਂ ਐਨ. ਜੀ. ਓ. ਨੇ ਕੌਲ ਨੂੰ 27 ਹਜ਼ਾਰ ਰੁਪੇ ਦਾ ਚੈੱਕ ਭੇਂਟ ਕੀਤਾ। ਤਿੰਨਾ ਐੱਨ. ਜੀ. ਓਜ਼. ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਪੰਜਾਬੀ ਸੱਭਿਆਚਾਰ ਅਤੇ ਫਿਲਮ ਇੰਡਸਟਰੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ''ਚ ਅਹਿਮ ਭੂਮਿਕਾ ਅਦਾ ਕਰ ਚੁੱਕੇ ਕੌਲ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾਇਆ ਜਾਵੇ। 

Babita Marhas

News Editor

Related News