ਅਧਿਆਪਕਾਂ ਨੇ ਘੇਰੀ ਮੇਅਰ ਦੀ ਕੋਠੀ

Monday, Nov 12, 2018 - 01:51 PM (IST)

ਅਧਿਆਪਕਾਂ ਨੇ ਘੇਰੀ ਮੇਅਰ ਦੀ ਕੋਠੀ

ਪਟਿਆਲਾ (ਜੋਸਨ)–ਪੰਜਾਬ ਸਰਕਾਰ ਅਤੇ ਅਧਿਆਪਕਾਂ ਵਿਚ ਟਕਰਾਅ ਲਗਤਾਰ ਵਧਦਾ ਜਾ ਰਿਹਾ ਹੈ। ਸਿੱਖਿਆ ਸਕੱਤਰ ਵੱਲੋਂ ਹੁਣ ਤੱਕ ਕਈ ਦਰਜਨ ਅਧਿਆਪਕ ਸਸਪੈਂਡ ਕਰਨ ਤੇ ਬਦਲੀਆਂ ਤੋਂ ਬਾਅਦ ਵੀ ਅਧਿਆਪਕ ਸਰਕਾਰ ਨਾਲ ਤਿੱਖੀ ਲਡ਼ਾਈ ਲੜਨ ਦਾ ਮਨ ਬਣਾਈ ਬੈਠੇ ਹਨ। ਇਸੇ ਤਹਿਤ ਅੱਜ ਅਧਿਆਪਕਾਂ ਨੇ ਸੀ. ਐੱਮ. ਸਿਟੀ ਦੇ ਮੇਅਰ ਦੀ ਕੋਠੀ ਦਾ ਘਿਰਾਓ ਕਰ ਕੇ ਤਿੱਖੀ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਪੂਰੀਆਂ ਤਨਖਾਹਾਂ ਨਹੀਂ ਮਿਲਦੀਆਂ, ਉਦੋਂ ਤੱਕ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਧਿਆਪਕ ਨੇਤਾਵਾਂ ਨੇ ਆਖਿਆ ਕਿ ਸੁਧਾਰਾਂ ਦੀ ਆਡ਼ ਹੇਠ ਸਿੱਖਿਆ ਦੀ ਕੀਤੀ ਜਾ ਰਹੀ ਬਰਬਾਦੀ ਅਤੇ ਤਨਖਾਹ ਕਟੌਤੀ ਦੇ ਵਿਰੋਧ ’ਚ 7 ਅਕਤੂਬਰ ਤੋਂ ਸ਼ੁਰੂ ਹੋਇਆ ਸਾਂਝੇ ਅਧਿਆਪਕ ਮੋਰਚੇ ਦਾ ਪੱਕਾ ਮੋਰਚਾ 36ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਅਧਿਆਪਕਾਂ ਨੇ ਸਿੱਖਿਆ ਸਕੱਤਰ ਦੀਆਂ ਕੋਝੀਆਂ ਚਾਲਾਂ ਦਾ ਮੂੰਹ-ਤੋਡ਼ ਜਵਾਬ ਦੇਣ ਦਾ ਅਹਿਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਐੱਸ. ਐੱਸ. ਏ, ਰਮਸਾ, ਆਦਰਸ਼ ਤੇ ਮਾਡਲ ਸਕੂਲ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਕਰਨ ਦੀ ਥਾਂ ਤਨਖਾਹਾਂ ’ਚ 65 ਤੋਂ 75 ਫੀਸਦੀ ਕਟੌਤੀ ਕਰਨ, 5178 ਅਧਿਆਪਕਾਂ ਨੂੰ ਨਿਯੁਕਤੀ-ਪੱਤਰ ’ਚ ਦਰਜ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਤੋਂ ਪਿੱਛੇ ਹਟਣ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ’ਚ ਸ਼ਿਫਟ ਨਾ ਕਰਨ ਅਤੇ ਹੋਰਨਾਂ ਕੱਚੇ ਅਧਿਆਪਕਾਂ ਨੂੰ ਪੂਰੇ ਸਕੇਲਾਂ ’ਤੇ ਪੱਕੇ ਕਰਨ ਦੀ ਬਜਾਏ ਅਖੌਤੀ ਪ੍ਰਾਜੈਕਟਾਂ ਰਾਹੀਂ ਜਨਤਕ ਸਿੱਖਿਆ ਨੂੰ ਤਹਿਸ-ਨਹਿਸ ਕਰਨ ਵਾਲੇ ਅਤੇ ਅਧਿਆਪਕਾਂ ਨਾਲ ਬੁਰਾ ਵਿਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ ਪੂਰੀ ਖੁੱਲ੍ਹ ਦੇ ਕੇ ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ। ਪੰਜਾਬ ਦੀਆਂ ਸਮੂਹ ਫਿਕਰਮੰਦ ਜਮਹੂਰੀ ਜਥੇਬੰਦੀਆਂ ਅਧਿਆਪਕਾਂ ਦੀ ਪਿੱਠ ’ਤੇ ਆ ਖੜ੍ਹੀਆਂ ਹਨ। ਪੰਜਾਬ ਸਰਕਾਰ ਨੂੰ ਆਪਣਾ ਭਵਿੱਖ ਕੰਧ ’ਤੇ ਲਿਖਿਆ ਪਡ਼੍ਹ ਲੈਣਾ ਚਾਹੀਦਾ ਹੈ।


Related News