ਛੋਟੀ ਕਿਰਪਾਨ ਧਾਰਨ ਕਰਨ ਲਈ ਸਿੱਖ ਭਾਈਚਾਰਾ ਖੜਕਾਏਗਾ ਸੁਪਰੀਮ ਕੋਰਟ ਦਾ ਦਰਵਾਜ਼ਾ
Saturday, Nov 06, 2021 - 05:58 PM (IST)
ਗੁਰਦਾਸਪੁਰ/ਇਸਲਾਮਾਬਾਦ (ਜ. ਬ.): ਪਾਕਿਸਤਾਨ ’ਚ ਸਿੱਖ ਫਿਰਕਾ ਆਪਣਾ ਧਾਰਮਿਕ ਚਿੰਨ ਛੋਟੀ ਕਿਰਪਾਨ (ਗਾਤਰਾਂ) ਪਾ ਕੇ ਅਦਾਲਤਾਂ, ਪੁਲਸ ਸਟੇਸ਼ਨਾਂ, ਵਿਧਾਨ ਸਭਾ ਸਮੇਤ ਹੋਰ ਸਥਾਨਾਂ ’ਤੇ ਜਾਣ ’ਤੇ ਲੱਗੀ ਰੋਕ ਤੋਂ ਮੁਕਤੀ ਪਾਉਣ ਲਈ ਪਾਕਿਸਤਾਨ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗਾ। ਨਾਲ ਹੀ ਇਸ ਸਬੰਧੀ ਰਾਜਨੀਤਿਕ ਦਬਾਅ ਬਣਾ ਕੇ ਪਾਕਿਸਤਾਨ ਸਰਕਾਰ ਤੋਂ ਵੀ ਆਦੇਸ਼ ਜਾਰੀ ਕਰਵਾਉਣ ਦੀ ਕੌਸ਼ਿਸ਼ ਕਰੇਗਾ।
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਰਾਜ ਖੈਬਰ ਪਖਤੂਨਵਾ ਵਿਧਾਨ ਸਭਾ ਦੇ ਮੈਂਬਰ ਰਣਜੀਤ ਸਿੰਘ ਨੂੰ ਗਾਤਰਾ ਧਾਰਨ ਕਰ ਕੇ ਵਿਧਾਨ ਸਭਾ ਦੀ ਕਾਰਵਾਈ ’ਚ ਸ਼ਾਮਲ ਹੋਣ ਤੋਂ ਰੋਕਣ ਦੇ ਬਾਅਦ ਇਹ ਮਾਮਲਾ ਪੂਰੇ ਪਾਕਿਸਤਾਨ ਵਿਚ ਅੱਗ ਦੀ ਤਰ੍ਹਾਂ ਫੈਲ ਗਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਾਮਲੇ ਵਿਚ ਹਰ ਤਰ੍ਹਾਂ ਦੇ ਸੰਘਰਸ਼ ਕਰਨ ਦਾ ਫੈਸਲਾ ਲਿਆ ਹੈ।