ਪਾਕਿ : ਇਮਰਾਨ ਸਰਕਾਰ ਨੇ 110 ''ਫਰਜ਼ੀ ਪਾਇਲਟਾਂ'' ਨੂੰ ਕੀਤਾ ਬਹਾਲ

12/15/2020 11:26:33 PM

ਇਸਲਾਮਾਬਾਦ— ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਫਰਜ਼ੀ ਡਿਗਰੀ ਵਿਵਾਦ 'ਚ ਮੁਅੱਤਲ ਕੀਤੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀ. ਆਈ. ਏ.) ਦੇ 141 'ਚੋਂ 110 ਪਾਇਲਟਾਂ ਨੂੰ ਦੁਬਾਰਾ ਜਹਾਜ਼ ਉਡਾਣ ਦੀ ਆਗਿਆ ਦੇ ਦਿੱਤੀ ਹੈ।

ਇਨ੍ਹਾਂ ਪਾਇਲਟਾਂ ਦੇ ਲਾਇਸੈਂਸ ਫਰਜ਼ੀ ਡਿਗਰੀ ਵਿਵਾਦ 'ਚ ਨਾਮ ਆਉਣ ਤੋਂ ਬਾਅਦ ਮੁਅੱਤਲ ਕਰ ਦਿੱਤੇ ਗਏ ਸਨ। ਪੀ. ਆਈ. ਏ. ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਪਾਕਿਸਤਾਨੀ ਵਕੀਲ ਸਲਮਾਨ ਅਕਰਮ ਰਾਜਾ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਹੈ।

ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਪੀ. ਆਈ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਏਅਰ ਮਾਰਸ਼ਲ ਅਰਸ਼ਦ ਮਲਿਕ ਦੀ ਅਪੀਲ 'ਤੇ ਸੁਣਵਾਈ ਕੀਤੀ ਸੀ। ਇਹ ਅਪੀਲ ਮਲਿਕ ਨੇ ਸਿੰਧ ਹਾਈ ਕੋਰਟ ਦੇ ਆਦੇਸ਼ ਦੇ ਵਿਰੁੱਧ ਦਾਇਰ ਕੀਤੀ ਸੀ। ਡਾਨ ਦੀ ਖ਼ਬਰ ਅਨੁਸਾਰ ਰਾਜਾ ਨੇ ਕਿਹਾ ਕਿ ਪੀ. ਆਈ. ਏ. ਨੇ 15 ਦੇ ਲਾਇਸੈਂਸ ਰੱਦ ਕਰਦਿਆਂ 110 ਪਾਇਲਟਾਂ ਦੇ ਲਾਇਸੈਂਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ 14 ਪਾਇਲਟ ਜਹਾਜ਼ਾਂ ਨੂੰ ਉਡਾਣ ਭਰਨ ਦੇ ਅਯੋਗ ਘੋਸ਼ਿਤ ਕੀਤੇ ਗਏ ਹਨ। ਕੁਝ ਮਾਮਲਿਆਂ 'ਚ ਫੈਸਲਾ ਅਜੇ ਵੀ ਵਿਚਾਰ ਅਧੀਨ ਹੈ।

ਇਸ ਸਾਲ 22 ਮਈ ਨੂੰ ਕਰਾਚੀ 'ਚ ਪੀ. ਆਈ. ਏ. ਦਾ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਸੀ, ਜਿਸ ਤੋਂ ਬਾਅਦ ਲਾਇਸੈਂਸ ਦਾ ਮੁੱਦਾ ਸਾਹਮਣਾ ਆਇਆ। ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਮੀਡੀਆ ਨੂੰ ਦੱਸਿਆ ਸੀ ਕਿ ਦੇਸ਼ ਦੇ 860 ਸਰਗਰਮ ਪਾਇਲਟਾਂ 'ਚੋਂ 260 ਕੋਲ ਜਾਂ ਤਾਂ ਫਰਜ਼ੀ ਲਾਇਸੈਂਸ ਹੈ ਜਾਂ ਉਨ੍ਹਾਂ ਨੇ ਪ੍ਰੀਖਿਆ 'ਚ ਨਕਲ ਕੀਤੀ ਸੀ। ਇਸ ਘਟਨਾ ਪਿੱਛੋਂ ਕਈ ਦੇਸ਼ਾਂ ਨੇ ਪੀ. ਆਈ. ਏ. ਦੀਆਂ ਉਡਾਣਾਂ 'ਤੇ ਰੋਕ ਲਾਈ ਹੋਈ ਹੈ, ਜਿਨ੍ਹਾਂ 'ਚ ਕੁਵੈਤ, ਈਰਾਨ, ਮਲੇਸ਼ੀਆ, ਜਾਰਡਰਨ ਅਤੇ ਯੂ. ਏ. ਈ. ਵਰਗੇ ਮੁਸਲਿਮ ਦੇਸ਼ ਵੀ ਸ਼ਾਮਲ ਹਨ।


Sanjeev

Content Editor

Related News