ਪਾਕਿਸਤਾਨ ’ਚ ‘ਲਾਲ ਸਿੰਘ ਚੱਢਾ’ ਦੀ ਸਕ੍ਰੀਨਿੰਗ ਲਈ ਮੰਗੀ ਜਾ ਰਹੀ ਐੱਨ. ਓ. ਸੀ.

08/13/2022 12:21:03 PM

ਮੁੰਬਈ (ਬਿਊਰੋ)– ਪਾਕਿਸਤਾਨ ਦੇ ਇਕ ਮੀਡੀਆ ਸਮੂਹ ਨੇ ਆਮਿਰ ਖ਼ਾਨ ਸਟਾਰਰ ਬਾਲੀਵੁੱਡ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਦੇਸ਼ ਭਰ ’ਚ ਸਕ੍ਰੀਨਿੰਗ ’ਤੇ ਐੱਨ. ਓ. ਸੀ. ਲਈ ਭਾਰਤੀ ਸੂਚਨਾ ਮੰਤਰਾਲੇ ਨਾਲ ਸੰਪਰਕ ਕੀਤਾ ਹੈ। ਮੀਡੀਓ ਰਿਪੋਰਟ ਮੁਤਾਬਕ ਜੇਕਰ ਸਿਨੇਪੈਕਸ ਮੀਡੀਆ ਸਮੂਹ ਨੂੰ ਐੱਨ. ਓ. ਸੀ. ਮਿਲ ਜਾਂਦੀ ਹੈ ਤਾਂ 5 ਅਗਸਤ, 2019 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕੋਈ ਭਾਰਤੀ ਫ਼ਿਲਮ ਪਾਕਿਸਤਾਨੀ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

2019 ’ਚ ਪਾਕਿਸਤਾਨ ਦੀ ਸਰਕਾਰ ਨੇ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਸੂਬਿਆਂ ’ਚ ਵੰਡਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਨੂੰ ਦੇਖਦਿਆਂ ਪਾਕਿਸਤਾਨ ’ਚ ਭਾਰਤੀ ਸਮੱਗਰੀ ’ਤੇ ਰੋਕ ਲਗਾ ਦਿੱਤੀ ਸੀ। ਨਵੀਂ ਦਿੱਲੀ ਵਲੋਂ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੋ ਗਏ ਸਨ ਕਿਉਂਕਿ ਭਾਰਤ ਦੇ ਫ਼ੈਸਲੇ ’ਤੇ ਪਾਕਿਸਤਾਨ ਨੇ ਸਖ਼ਤ ਪ੍ਰਤੀਕਿਰਿਆ ਜਤਾਈ ਸੀ। ਪਾਕਿਸਤਾਨ ਨੇ ਰਾਜਨੀਤਕ ਸਬੰਧਾਂ ਨੂੰ ਪਾਸੇ ਕਰਦਿਆਂ ਭਾਰਤੀ ਦੂਤ ਨੂੰ ਬਾਹਰ ਕੱਢ ਦਿੱਤਾ ਗਿਆ ਸੀ।

ਹਾਲਾਂਕਿ ਭਾਰਤ ਨੇ ਪਾਕਿਸਤਾਨ ਨੂੰ ਵਾਰ-ਵਾਰ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇਸ਼ ਦਾ ਅਭਿੰਨ ਅੰਗ ਸੀ, ਹੈ ਤੇ ਰਹੇਗਾ। 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ’ਚ ਕੋਈ ਬਾਲੀਵੁੱਡ ਫ਼ਿਲਮ ਰਿਲੀਜ਼ ਨਹੀਂ ਹੋਈ ਹੈ। ਇਕ ਸੂਤਰ ਨੇ ਕਿਹਾ ਕਿ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਪੈਰਾਮਾਊਂਟ ਪਿਕਚਰਜ਼ ਵਲੋਂ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ, ਇਸ ਲਈ ਇਸ ਨੂੰ ਸਿਨੇਪੈਕਸ ਮੀਡੀਆ ਸਮੂਹ ਵਲੋਂ ਪਾਕਿਸਤਾਨ ’ਚ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਸਿਨੇਪੈਕਸ ਮੀਡੀਆ ਸਮੂਹ ਦੇ ਮਹਾਪ੍ਰਬੰਧਕ ਸਾਦ ਬੇਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਪਾਕਿਸਤਾਨ ’ਚ ਫ਼ਿਲਮ ਦੀ ਰਿਲੀਜ਼ ਲਈ ਐੱਨ. ਓ. ਸੀ. ਮੰਗੀ ਹੈ। ਸਾਨੂੰ ਉਮੀਦ ਹੈ ਕਿ ਮੰਤਰਾਲੇ ਤੋਂ ਚੰਗੀ ਖ਼ਬਰ ਮਿਲੇਗੀ। ਉਥੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (ਸੀ. ਬੀ. ਐੱਫ. ਸੀ.) ਤੇ ਸਿੰਧ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਦੇ ਪ੍ਰਤੀਨਿਧੀਆਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਸੂਚਨਾ ਮੰਤਰਾਲੇ ਦੇ ਸੂਤਰਾਂ ਮੁਤਾਬਕ ਪਾਕਿਸਤਾਨ ’ਚ ਫ਼ਿਲਮ ਦੀ ਰਿਲੀਜ਼ ਲਈ ਐੱਨ. ਓ. ਸੀ. ਦੀ ਮੰਗ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਕ ਹੋਰ ਅਧਿਕਾਰੀ ਨੇ ਕਿਹਾ ਕਿ ਮੰਤਰਾਲੇ ਪਹਿਲਾਂ ਹੀ ਸਿਨੇਪੈਕਸ ਮੀਡੀਆ ਸਮੂਹ ਨੂੰ ਸੂਚਿਤ ਕਰ ਚੁੱਕਾ ਹੈ ਕਿ ਭਾਰਤ ’ਚ ਬਣੀ ਕੋਈ ਵੀ ਫ਼ਿਲਮ ਜਾਂ ਹੋਰ ਪ੍ਰਾਜੈਕਟ ਪਾਕਿਸਤਾਨ ’ਚ ਰਿਲੀਜ਼ ਨਹੀਂ ਹੋਣਗੇ। ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਮੁੱਖ ਭੂਮਿਕਾਵਾਂ ’ਚ ਹਨ। ਇਹ ਫ਼ਿਲਮ ਟੌਮ ਹੈਂਕਸ ਦੀ 1994 ਦੀ ਹਾਲੀਵੁੱਡ ਫ਼ਿਲਮ ‘ਫਾਰੈਸਟ ਗੰਪ’ ਦੀ ਹਿੰਦੀ ਰੀਮੇਕ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News