ਬਾਬੇ ਨਾਨਕ ਦੀਆਂ ਉਦਾਸੀਆਂ ਦਾ ਸਦੀਵੀ ਖੇਤਰ; ਕਥਾਵਾਂ ਦੇ ਸਫ਼ਰ ਸੰਗ ਤੁਰਦਿਆਂ

11/19/2020 1:23:56 PM

ਹਰਪ੍ਰੀਤ ਸਿੰਘ ਕਾਹਲੋਂ

"ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੁਨੀਆਂ ਦੇ ਹਰ ਹਿੱਸੇ ਪਹੁੰਚਾ ਦਿੱਤਾ ਹੈ ਪਰ ਆਪਣੇ ਦਿਲ ਤੱਕ ਨਹੀਂ ਪਹੁੰਚਾ ਸਕੇ"

ਸ਼ੁਰੂਆਤ ਤੋਂ ਪਹਿਲਾਂ
'ਕਥਾਵਾਂ ਦੇ ਸਫ਼ਰ' ਦਾ ਫੁਰਨਾ ਅਮਰਦੀਪ ਸਿੰਘ ਹੁਣਾਂ ਨੂੰ ਸਬੱਬੀਂ ਆਇਆ ਸੀ। ਸਿੰਗਾਪੁਰ ਦੇ ਰਹਿਣ ਵਾਲੇ ਅਮਰਦੀਪ ਸਿੰਘ ਹੁਣਾਂ ਪਾਕਿਸਤਾਨ 'ਚ ਸਿੱਖ ਵਿਰਾਸਤ ਦੀਆਂ ਦੋ ਕਿਤਾਬਾਂ ਤੋਂ ਬਾਅਦ ਦੋ ਦਸਤਾਵੇਜ਼ੀ ਫ਼ਿਲਮਾਂ ਤਿਆਰ ਕੀਤੀਆਂ। ਉਹ ਜਦੋਂ 'ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' ਦਾ ਕਾਰਜ ਕਰ ਰਹੇ ਸਨ ਤਾਂ ਇਹਦੇ ਨਾਲੋਂ ਨਾਲ ਉਹ ਖਾਸ ਹਵਾਲਿਆਂ ਲਈ ਵੀਡੀਓ ਬਣਾਉਂਦੇ ਗਏ। ਜਦੋਂ ਉਨ੍ਹਾਂ ਸਾਰੀਆਂ ਵੀਡੀਓ ਵੇਖੀਆਂ ਤਾਂ ਉਨ੍ਹਾਂ 'ਚ ਇੱਕ ਕਹਾਣੀ ਨਜ਼ਰ ਆਈ। ਇਹ ਕਹਾਣੀ ਵਿਰਾਸਤਾਂ ਦੀ ਨਿਸ਼ਾਨਦੇਹੀ ਕਰਦੀ ਸੀ। ਇਨ੍ਹਾਂ ਨੂੰ ਲੜੀਬੱਧ ਕਰਦਿਆਂ ਉਨ੍ਹਾਂ 'ਪੀਰਿੰਗ ਸੋਲ' (ਅਧਿਆਤਮਕ ਅਹਿਸਾਸ) ਅਤੇ 'ਪੀਰਿੰਗ ਵਾਰੀਅਰ' (ਜੰਗਜੂ ਅਹਿਸਾਸ) ਨਾਮ ਦੀਆਂ ਦੋ ਦਸਤਾਵੇਜ਼ੀ ਫ਼ਿਲਮਾਂ ਤਿਆਰ ਕੀਤੀਆਂ। ਇਨ੍ਹਾਂ ਫ਼ਿਲਮਾਂ ਨੂੰ ਨਵੰਬਰ 2018 'ਚ ਨਿਊਯਾਰਕ ਸਿੱਖ ਆਰਟ ਫੈਸਟੀਵਲ 'ਚ ਪਰਦਾਪੇਸ਼ ਕੀਤਾ ਗਿਆ। ਸਵਾਲ-ਜਵਾਬ, ਕਿਤਾਬਾਂ ਬਾਰੇ ਲੰਮੀ ਵਾਰਤਾਲਾਪ ਅਤੇ ਦਸਤਾਵੇਜ਼ੀ ਫ਼ਿਲਮਾਂ ਵਿਚਕਾਰ ਹੁਣ ਇਹ ਗੱਲ ਤੁਰ ਰਹੀ ਸੀ ਕਿ ਹੁਣ ਅੱਗੇ ਕੀ? ਅਮਰਦੀਪ ਸਿੰਘ ਹੁਣਾਂ ਇੱਕ ਦਹਾਕੇ ਦੇ ਵਿਰਾਸਤੀ ਖ਼ੋਜ ਕਾਰਜਾਂ ਤੋਂ ਬਾਅਦ ਆਪਣੇ ਨਜ਼ਰੀਏ ਅੰਦਰ ਬਹੁਤ ਕੁਝ ਉਲੀਕਿਆ ਹੈ ਅਤੇ ਉਸ ਉਲੀਕੇ ਰਾਹ 'ਤੇ ਤੁਰਦਿਆਂ ਕਾਰਜ ਕਰਦਿਆਂ ਨਿਰੰਤਰ ਵਿਰਾਸਤਾਂ ਬਾਰੇ ਕੰਮ ਕੀਤਾ ਹੈ। ਅਮਰਦੀਪ ਸਿੰਘ ਇਸ ਨੂੰ 'ਡੀਵਾਈਨ ਇੰਟਰਵੈਨਸ਼ਨ' ਕਹਿੰਦੇ ਹਨ। ਉਨ੍ਹਾਂ ਮੁਤਾਬਕ ਇਹ ਸਿਰਫ਼ ਧਾਰਮਿਕ ਨਹੀਂ ਹੈ। ਇਸ 'ਚ ਵਿਰਾਸਤ ਹੈ, ਭਾਵਨਾ ਹੈ ਅਤੇ ਇੱਕ ਸਫ਼ਰ ਹੈ, ਜੀਹਦੀ ਗੁੜ੍ਹਤੀ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਤੋਂ ਮਿਲਦੀ ਹੈ। ਸੋ ਹੁਣ ਤੈਅ ਸੀ ਕਿ ਇੱਕ ਸਫ਼ਰ 'ਤੇ ਤੁਰਿਆ ਜਾਵੇ। ਇਸ ਲਈ ਬਹੁਤ ਸਾਰੇ ਸੱਜਣ ਮਦਦ ਲਈ ਤਿਆਰ ਹੋ ਗਏ। ਇਹ ਸਫ਼ਰ ਸੀ, ਕਿਉਂਕਿ ਵਿਰਾਸਤ ਸਿਰਫ਼ ਪਾਕਿਸਤਾਨ ਜਾਂ ਭਾਰਤ 'ਚ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਇਸ ਤੋਂ ਵੀ ਬਾਹਰ ਹੋਰ ਥਾਵਾਂ 'ਤੇ ਘੁੰਮੇ ਹਨ। ਇਹ ਸਿਰਫ਼ ਗੁਰਦੁਆਰਿਆਂ ਦੀ ਯਾਤਰਾ ਨਹੀਂ ਹੋਵੇਗੀ। ਇਸ 'ਚ ਕਥਾ ਮਹੱਤਵਪੂਰਨ ਹੈ, ਜੋ ਅਸੀਂ ਲਿਖ ਰਹੇ ਹਾਂ, ਉਹ ਇਤਿਹਾਸ ਨਾਲ ਸਾਡੀ ਮਿਲਣੀ ਹੈ। ਅਸੀਂ ਇਸੇ 'ਨੈਰੇਟਿਵ' 'ਚੋਂ ਉਹ ਪੇਸ਼ ਕਰਨਾ ਹੈ, ਜੋ ਆਉਣ ਵਾਲੀ ਪੀੜ੍ਹੀ ਲਈ ਸੁਚੱਜਾ ਦਸਤਾਵੇਜ਼ ਹੋਵੇ।

ਐਲੇਗਰੀ-ਏ ਟੈਪਸਟ੍ਰੀ ਆਫ ਗੁਰੂ ਨਾਨਕ 'ਜ਼ ਟਰੈਵਲਜ਼
ਜਦੋਂ ਸਰਹੱਦਾਂ ਇਸ ਰੂਪ 'ਚ ਨਹੀਂ ਸਨ, ਉਦੋਂ 15 ਸਦੀਂ ਦਾ ਦੌਰ ਸੀ। ਬਾਦਸ਼ਾਹ ਆਪਣੇ ਰਾਜ ਦਾ ਵਿਸਥਾਰ ਕਰ ਰਹੇ ਸਨ। ਉਨ੍ਹਾਂ ਸਮਿਆਂ 'ਚ ਹਿੰਦੂ ਸਨ ਅਤੇ ਮੁਸਲਮਾਨ ਸਨ। ਉਦੋਂ ਗੁਰੂ ਨਾਨਕ ਸਾਹਿਬ ਜੀ ਅਵਤਾਰ ਧਾਰਦੇ ਹਨ ਅਤੇ ਮਨੁੱਖਤਾ, ਸਾਂਝੀਵਾਲਤਾ ਦਾ ਸੰਦੇਸ਼ ਕੁੱਲ ਹਯਾਤੀ ਨੂੰ ਦਿੰਦੇ ਹਨ। ਉਹ ਰਾਗਾਂ 'ਚ ਬਾਣੀ ਰਚਦੇ ਹਨ। ਉਹ ਹਿੰਦੂ ਨੂੰ ਮਿਲਦੇ ਹਨ। ਉਹ ਮੁਸਲਮਾਨਾਂ, ਕਬੀਲਿਆਂ, ਵੱਖ-ਵੱਖ ਕੌਮਾਂ, ਸੱਭਿਆਚਾਰਾਂ ਨੂੰ ਮਿਲਦੇ ਹਨ ਅਤੇ ਅਕਾਲ ਪੁਰਖ ਦਾ ਸੰਦੇਸ਼ ਦਿੰਦੇ ਵੱਖ-ਵੱਖ ਥਾਵਾਂ ਦੀ ਯਾਤਰਾ ਕਰਦੇ ਹਨ। ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਕਰਦੇ ਹਨ। ਉਨ੍ਹਾਂ ਨੇ, ਜੋ ਵੱਡਾ ਖੇਤਰ ਗਾਹਿਆ ਹੈ, ਉਹ ਹੁਣ 9 ਦੇਸ਼ਾਂ 'ਚ ਪੇਸ਼ ਹੁੰਦਾ ਹੈ। ਤਿੱਬਤ, ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਸ਼੍ਰੀ ਲੰਕਾ, ਸਾਉਦੀ ਅਰਬ, ਇਰਾਕ, ਇਰਾਨ, ਅਫਗਾਨਿਸਤਾਨ ਜਹੇ ਦੇਸ਼ਾਂ 'ਚ ਬਾਬੇ ਨਾਨਕ ਦੀ ਚਰਨ ਛੋਹ ਹੈ।

ਅਮਰਦੀਪ ਸਿੰਘ ਕਹਿੰਦੇ ਹਨ ਕਿ ਸਾਡੇ ਕਾਰਜ ਨੂੰ ਕੁਝ ਇਸ ਤਰ੍ਹਾਂ ਸਮਝਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਨ੍ਹਾਂ ਦੀਆਂ ਉਦਾਸੀਆਂ ਅਤੇ ਸਿੱਖਿਆਵਾਂ ਦੇ ਸਾਡੇ ਤੱਕ ਪਹੁੰਚਣ ਦੀਆਂ ਤਿੰਨ ਰਵਾਇਤਾਂ ਹਨ। 15-16ਵੀਂ ਸਦੀ 'ਚ ਮੌਖਿਕ ਰਵਾਇਤ ਮਾਰਫ਼ਤ ਇਹ ਕਹਾਣੀਆਂ ਤੁਰਦੀਆਂ ਰਹੀਆਂ, ਜਿਨ੍ਹਾਂ ਨੂੰ 17ਵੀਂ ਸਦੀ 'ਚ ਸਾਡੇ ਤੱਕ ਜਨਮਸਾਖੀਆਂ ਦੀ ਰਵਾਇਤ 'ਚ ਪੇਸ਼ ਕੀਤਾ। ਅਸੀਂ ਭਾਈ ਬਾਲੇ ਦੀ ਸਾਖੀ, ਭਾਈ ਗੁਰਦਾਸ ਤੋਂ ਮਿਹਰਬਾਨ, ਮਹਿਮਾ ਪ੍ਰਕਾਸ਼ ਅਤੇ ਅਜਿਹੀ ਸਾਖੀ ਪ੍ਰਪੰਰਾ ਤੋਂ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਨੂੰ ਜਾਣਦੇ ਗਏ। ਹੁਣ 21ਵੀਂ ਸਦੀ ਹੈ ਅਤੇ ਇਹ ਵਿਜ਼ੁਅਲ ਜ਼ਰੀਆ ਹੈ। ਇਸੇ ਲਈ ਅਸੀਂ 9 ਮੁਲਕਾਂ ਦੀ ਯਾਤਰਾ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਸਫ਼ਰ ਨੂੰ ਦਸਤਾਵੇਜ਼ੀ ਫ਼ਿਲਮ ਦਾ ਰੂਪ ਦੇ ਦੇਵਾਂਗੇ।

ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਸਮਝਦੇ ਹਾਂ ਤਾਂ ਇਸ ਨਜ਼ਰੀਏ ਨੂੰ ਧਿਆਨ 'ਚ ਰੱਖੀਏ ਕਿ ਇਹ ਸਿਰਫ਼ ਗੁਰਦੁਆਰੇ ਨਹੀਂ ਹਨ। ਉਦਾਹਰਨ ਦੇ ਤੌਰ 'ਤੇ ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਤੋਂ ਇਲਾਵਾ 45 ਤੋਂ ਵੱਧ ਅਜਿਹੀਆਂ ਥਾਵਾਂ ਹਨ, ਜੋ ਦੋ ਧਰਮਾਂ ਦੇ ਆਪਸੀ ਸਹਿਚਾਰ ਦਾ ਰੂਪ ਹਨ। ਇਸ ਵਿਸ਼ਵਾਸ 'ਚ ਸੂਫ਼ੀ ਦਰਗਾਹਾਂ ਹਨ, ਮੰਦਰ ਹਨ, ਜਿੰਨ੍ਹਾਂ ਨਾਲ ਉਦਾਸੀਆਂ ਵੇਲੇ ਗੁਰੂ ਨਾਨਕ ਸਾਹਿਬ ਨਾਲ ਰਿਸ਼ਤਾ ਜੁੜਦਾ ਹੈ। ਇਹ ਗੁਰੂ ਨਾਨਕ ਜੀ ਦੇ ਰਾਹਵਾਂ ਦੀ ਨਿਸ਼ਾਨਦੇਹੀ ਹੈ, ਜੋ ਸਾਨੂੰ ਸਾਖੀ ਪ੍ਰਪੰਰਾ ਤੋਂ ਮਹਿਸੂਸ ਹੁੰਦੀ ਹੈ, ਇਹੋ ਕਥਾਵਾਂ ਹਨ। ਇਹ ਵੱਡਾ ਵਰਤਾਰਾ ਹੈ। ਇਸ 'ਚ ਕਈ ਗੱਲਾਂ ਨੂੰ ਨਿਖੇੜਣ ਦੀ ਵੀ ਲੋੜ ਹੈ। ਇਹ ਖ਼ੋਜ ਹੈ, ਕਿਉਂਕਿ ਇੱਕ ਚਰਚਾ ਗੁਰੂ ਨਾਨਕ ਸਾਹਿਬ ਦੀ ਇੰਡੋਨੇਸ਼ੀਆ ਅਤੇ ਰੋਮ ਤੱਕ ਜਾਣ ਦੀ ਵੀ ਤੁਰਦੀ ਹੈ। ਅਜਿਹੇ 'ਚ ਇਤਿਹਾਸਕ ਹਵਾਲੇ, ਸਾਖੀਆਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਨੂੰ ਰਾਹਵਾਂ ਨੂੰ ਸੁਹਿਰਦ ਹੋ ਕੇ ਸਮਝਣ ਦੀ ਲੋੜ ਹੈ ਕਿ ਸਹੀ ਕੀ ਹੈ ਅਤੇ ਅਤਿਕਥਨੀ ਕੀ ਹੈ।

ਮੇਰੇ ਸਫ਼ਰ ਦਾ ਮੂਲ
ਅਮਰਦੀਪ ਸਿੰਘ ਅਤੇ ਉਨ੍ਹਾਂ ਦੇ ਵੀਡੀਓ ਡਾਇਰੈਕਟਰ ਸਾਥੀ ਸਲਮਾਨ ਨੇ 11 ਜਨਵਰੀ 2019 ਨੂੰ ਇਹ ਸ਼ਾਨਦਾਰ ਸਫ਼ਰ ਸ਼ੁਰੂ ਕੀਤਾ ਸੀ। ਇਸ ਦੌਰਾਨ ਉਨ੍ਹਾਂ 9 ਦੇਸ਼ ਨੂੰ 11 ਮਹੀਨਿਆਂ 'ਚ ਦਰਜ ਕਰਦਿਆਂ 150 ਤੋਂ ਵੱਧ ਥਾਵਾਂ 'ਤੇ ਪਹੁੰਚਣਾ ਹੈ। ਅਮਰਦੀਪ ਸਿੰਘ ਇਹਨੂੰ ਵੱਡੀ ਚਣੌਤੀ ਮੰਨਦੇ ਹਨ। ਉਨ੍ਹਾਂ ਮੁਤਾਬਕ ਦਸਤਾਵੇਜ਼ੀ ਫ਼ਿਲਮ ਬਣਾਉਣ ਦੌਰਾਨ ਅਸੀਂ ਭਾਰਤ-ਪਾਕਿਸਤਾਨ ਤਾਂ ਸੌਖਿਆ ਘੁੰਮ ਸਕਦੇ ਹਾਂ ਪਰ ਵੱਡੀ ਚਣੌਤੀ ਸ਼੍ਰੀ ਲੰਕਾ ਸੀ, ਜਿੱਥੋਂ ਅਸੀਂ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਅਜਿਹੀਆਂ ਕਈ ਥਾਵਾਂ ਹਨ, ਜਿੱਥੇ ਪਹੁੰਚਣਾ ਸੌਖਾ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਰਾਹ ਹੁਣ ਦੇ 70 ਫ਼ੀਸਦੀ ਵਿਵਾਦਤ ਖ਼ੇਤਰਾਂ 'ਚ ਹੈ। ਸਾਡੇ ਲਈ ਚੁਣੌਤੀ ਹੈ ਕਿ ਅਸੀਂ ਇਰਾਨ, ਤਿੱਬਤ, ਇਰਾਕ ਅਤੇ ਸਾਉਦੀ ਅਰਬ 'ਚ ਫ਼ਿਲਮ ਕਿਵੇਂ ਬਣਾਵਾਂਗੇ। ਦੂਜਾ ਸਾਡੇ ਲਈ ਕਥਾ ਦਾ ਮਹੱਤਵ ਹੈ, ਜਿਸ ਮਾਰਫ਼ਤ ਇਤਿਹਾਸਕ ਗਵਾਹੀ ਬਣੇ। ਅਸੀਂ ਉਨ੍ਹਾਂ ਥਾਵਾਂ 'ਤੇ ਪਹੁੰਚਣਾ ਹੈ, ਜਿੱਥੇ ਆਮ ਲੋਕਾਂ ਦਾ ਜਾਣਾ ਸੌਖਾ ਨਹੀਂ ਹੈ। ਅਸੀਂ ਗੁਰੂ ਨਾਨਕ ਸਾਹਿਬ ਦੇ ਰਾਹਵਾਂ ਦੀ ਕਹਾਣੀ ਨੂੰ ਬਹੁਤ ਸੁਹਿਰਦਤਾ ਨਾਲ ਕਹਿਣਾ ਚਾਹੁੰਦੇ ਹਾਂ। ਇਸ 'ਚ ਸਾਨੂੰ ਬਹੁਤ ਸਾਰੇ ਦਾਨੀ ਸੱਜਣਾਂ ਦਾ ਅਤੇ ਸਿੱਖ ਲੈਨਜ਼ ਦਾ ਸਹਿਯੋਗ ਹਾਸਲ ਹੈ। ਅਸੀਂ ਆਪਣੇ ਸਫ਼ਰ ਦੇ 2 ਪੜਾਅ ਉਲੀਕੇ ਹਨ। ਪਹਿਲੇ ਪੜਾਅ 'ਚ ਸ਼੍ਰੀ ਲੰਕਾ, ਪਾਕਿਸਤਾਨ, ਅਫਗਾਨਿਸਤਾਨ, ਇਰਾਨ ਅਤੇ ਤਿੱਬਤ ਸੀ ਅਤੇ ਦੂਜੇ ਪੜਾਅ 'ਚ ਇਰਾਕ, ਸਾਉਦੀ ਅਰਬ, ਬੰਗਲਾਦੇਸ਼ ਅਤੇ ਭਾਰਤ ਹੈ।

ਅਮਰਦੀਪ ਆਪਣੇ ਖ਼ੋਜ ਸਫ਼ਰ ਨੂੰ 2014 ਤੋਂ ਮੰਨਦੇ ਹਨ। ਉਨ੍ਹਾਂ ਮੁਤਾਬਕ 2020 ਦੇ ਅਖੀਰਲੇ ਮਹੀਨੇ ਤੱਕ ਸਾਡੀ ਦਸਤਾਵੇਜ਼ੀ ਫ਼ਿਲਮ ਮੁਕੰਮਲ ਪੇਸ਼ ਹੋਵੇਗੀ। ਇਹ 150 ਤੋਂ ਵੱਧ ਥਾਵਾਂ ਨੂੰ ਪੇਸ਼ ਕਰਦੀ 600 ਕਿਸ਼ਤਾਂ ਦੀ ਫ਼ਿਲਮ ਹੋਵੇਗੀ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਸਮਝ ਬਣਾਉਂਦੇ ਇਹ ਮਹਿਸੂਸ ਕਰੋ ਕਿ ਉਨ੍ਹਾਂ ਜਿਹੜੀਆਂ ਹੱਦਬੰਦੀਆਂ ਨੂੰ ਤੋੜਦਿਆਂ ਅਧਿਆਤਮਕ ਸੰਵਾਦ ਕੀਤਾ, ਉਹ ਇਸਲਾਮਿਕ, ਸੂਫ਼ੀ, ਬੁੱਧ, ਜੈਨ, ਹਿੰਦੂ ਰਵਾਇਤਾਂ ਦੀ ਆਪਸੀ ਸਾਂਝ ਦਾ ਦਸਤਾਵੇਜ਼ ਹੈ। ਨਫ਼ਰਤਾਂ ਦੇ ਦੌਰ 'ਚ ਇਸ ਸਾਂਝੀਵਾਲਤਾ ਦੀ ਤੰਦ ਦਾ ਸਭ ਤੱਕ ਪਹੁੰਚਣਾ ਕਿੰਨਾ ਜ਼ਰੂਰੀ ਹੈ।


rajwinder kaur

Content Editor

Related News