ਪਾਕਿ ਦੀ ਸੰਘੀ ਜਾਂਚ ਏਜੰਸੀ ਦੀ ‘ਰੈੱਡ ਬੁੱਕ’ ''ਚ ਦਰਜ ਹੈ ਮੁੰਬਈ ਹਮਲੇ ਦੇ 18 ਅੱਤਵਾਦੀਆਂ ਦੀ ਮੁਕੰਮਲ ਜਾਣਕਾਰੀ
Saturday, Aug 19, 2023 - 02:12 PM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (FIA) ਦੀ ਰੈੱਡ ਬੁੱਕ 'ਚ ਮੁੰਬਈ 'ਚ ਕੀਤੇ ਗਏ 26/11 ਦੇ ਹਮਲੇ 'ਚ ਸ਼ਾਮਲ ਪਾਕਿਸਤਾਨ ਆਧਾਰਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ 18 ਅੱਤਵਾਦੀਆਂ ਦੀਆਂ ਤਸਵੀਰਾਂ, ਸ਼ਨਾਖ਼ਤੀ ਕਾਰਡ ਨੰਬਰ, ਉਨ੍ਹਾਂ ਦੇ ਸਹੀ ਰਿਹਾਇਸ਼ੀ ਪਤੇ ਅਤੇ ਹੋਰ ਸਭ ਲੋੜੀਂਦੀਆਂ ਜਾਣਕਾਰੀਆਂ ਦਰਜ ਹਨ। ਹਾਲਾਂਕਿ, ਭਾਰਤ ਦੇ ਵਾਰ-ਵਾਰ ਦਬਾਅ ਦੇ ਬਾਵਜੂਦ ਪਾਕਿਸਤਾਨੀ ਪੁਲਸ ਅਤੇ ਜਾਂਚ ਏਜੰਸੀਆਂ ਇਨ੍ਹਾਂ ਨੂੰ ਕਾਬੂ ਨਹੀਂ ਕਰ ਰਹੀਆਂ ਹਨ।
ਇਸ ਨੋਟ ਬੁੱਕ 'ਚ ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਮੌਜੂਦ ਖ਼ਤਰਨਾਕ ਅੱਤਵਾਦੀ ਸੰਗਠਨਾਂ ਦੇ ਫਾਈਨਾਂਸਰਾਂ, ਹੈਂਡਲਰਾਂ ਅਤੇ ਉਨ੍ਹਾਂ ਲਈ ਹਮਲੇ ਕਰਨ ਵਾਲੇ ਅੱਤਵਾਦੀਆਂ ਬਾਰੇ ਮੁਕੰਮਲ ਜਾਣਕਾਰੀ ਦਰਜ ਹੈ। ਐਫ. ਆਈ. ਏ. ਦੀ ਰੈੱਡ ਬੁੱਕ 'ਚ ਦਰਜ ਮੁੰਬਈ ਹਮਲੇ 'ਚ ਸ਼ਾਮਲ, ਜਿਨ੍ਹਾਂ 18 ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਨ੍ਹਾਂ 'ਤੇ ਨਵੰਬਰ 2008 ਦੇ ਹਮਲੇ 'ਚ ਵਰਤੇ ਗਏ ਸਾਜ਼ੋ- ਸਾਮਾਨ ਲਈ ਫ਼ੰਡ ਇਕੱਠਾ ਕਰਨ ਅਤੇ ਹਮਲਾਵਰ ਟੀਮ ਨੂੰ ਮੁੰਬਈ ਲਿਜਾਣ ਲਈ 2 ਕਿਸ਼ਤੀਆਂ ਦਾ ਬੰਦੋਬਸਤ ਕਰਨ ਦਾ ਦੋਸ਼ ਹੈ। ਐਫ. ਆਈ. ਏ. ਵਲੋਂ ਤਿਆਰ ਕੀਤੀ ਗਈ 934 ਪੰਨਿਆਂ ਦੀ ਸੂਚੀ 'ਚ ਸਫ਼ਾ 32 ਤੋਂ 45 ਤਕ ਲਸ਼ਕਰ-ਏ-ਤੋਇਬਾ ਦੇ ਉਕਤ 18 ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਦੱਸ ਦੇਈਏ ਕਿ 26 ਨਵੰਬਰ 2008 ਨੂੰ ਅੱਤਵਾਦੀਆਂ ਨੇ ਮੁੰਬਈ ਦੇ ਤਾਜ ਹੋਟਲ ਸਣੇ 6 ਥਾਵਾਂ 'ਤੇ ਹਮਲਾ ਕੀਤਾ ਸੀ। ਹਮਲੇ ਵਿਚ ਤਕਰੀਬਨ 160 ਵਿਅਕਤੀਆਂ ਦੀਆਂ ਜਾਨਾਂ ਗਈਆਂ। ਜ਼ਿਆਦਾਤਰ ਲੋਕਾਂ ਦੀ ਮੌਤ ਛਤਰਪਤੀ ਸ਼ਿਵਾਜੀ ਟਰਮੀਨਲ ਵਿਖੇ ਹੋਈ। ਜਦਕਿ 31 ਲੋਕਾਂ ਨੂੰ ਤਾਜ ਮਹਿਲ ਹੋਟਲ ਵਿਚ ਅਤਵਾਦੀਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ।