‘ਪਠਾਨ’ ਵਿਵਾਦ ’ਤੇ ਬੋਲੇ PM ਮੋਦੀ, BJP ਆਗੂਆਂ ਨੂੰ ਲੈ ਕੇ ਆਖੀ ਵੱਡੀ ਗੱਲ
Wednesday, Jan 18, 2023 - 02:16 PM (IST)
ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਗੀਤ ‘ਬੇਸ਼ਰਮ ਰੰਗ’ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ ’ਚ ਘਿਰਿਆ ਹੋਇਆ ਹੈ। ਦੀਪਿਕਾ ਨੇ ਗੀਤ ’ਚ ਭਗਵੇ ਰੰਗ ਦੀ ਬਿਕਨੀ ਪਹਿਨੀ ਸੀ, ਜਿਸ ਨੂੰ ਲੋਕਾਂ ਨੇ ਭਗਵਾ ਦਾ ਅਪਮਾਨ ਕਿਹਾ ਸੀ ਤੇ ਇਸ ਤੋਂ ਬਾਅਦ ਇਹ ਫ਼ਿਲਮ ਵੱਖ-ਵੱਖ ਕਾਰਨਾਂ ਕਰਕੇ ਵਿਵਾਦਾਂ ’ਚ ਰਹੀ। ਭਾਜਪਾ ਨੇਤਾਵਾਂ ਸਮੇਤ ਕਈ ਵੱਡੇ ਨੇਤਾਵਾਂ ਨੇ ਫ਼ਿਲਮ ’ਤੇ ਟਿੱਪਣੀਆਂ ਕੀਤੀਆਂ ਹਨ। ਹੁਣ ਨਵੀਂ ਦਿੱਲੀ ’ਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਨੇਤਾਵਾਂ ਨੂੰ ਫ਼ਿਲਮਾਂ ਤੇ ਮਸ਼ਹੂਰ ਹਸਤੀਆਂ ਖ਼ਿਲਾਫ਼ ਬੇਲੋੜੀਆਂ ਟਿੱਪਣੀਆਂ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ।
ਤੁਹਾਡੀਆਂ ਟਿੱਪਣੀਆਂ ਸਾਡੀ ਸਖ਼ਤ ਮਿਹਨਤ ’ਤੇ ਭਾਰੀ ਪੈਂਦੀਆਂ ਹਨ : ਪ੍ਰਧਾਨ ਮੰਤਰੀ ਮੋਦੀ
ਬੈਠਕ ’ਚ ਮੌਜੂਦ ਭਾਜਪਾ ਦੇ ਇਕ ਅਹੁਦੇਦਾਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਕੱਲ ਆਪਣੇ ਭਾਸ਼ਣ ’ਚ ਬਿਆਨ ਦੇਣ ਵਾਲਿਆਂ ਨੂੰ ਸੁਰਖ਼ੀਆਂ ਹਾਸਲ ਕਰਨ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਕਈ ਵਾਰ ਫ਼ਿਲਮਾਂ ਜਾਂ ਸ਼ਖ਼ਸੀਅਤਾਂ ’ਤੇ ਕੀਤੀਆਂ ਟਿੱਪਣੀਆਂ ਸਾਡੀ ਮਿਹਨਤ ਨੂੰ ਢਾਹ ਦਿੰਦੀਆਂ ਹਨ।’’
ਇਹ ਖ਼ਬਰ ਵੀ ਪੜ੍ਹੋ : ਸਿਰਫ਼ ਇਸ ਦਿਨ 99 ਰੁਪਏ 'ਚ ਆਪਣੀ ਮਨਪਸੰਦ ਫ਼ਿਲਮ ਵੇਖਣ ਦਾ ਮੌਕਾ, ਪੜ੍ਹੋ ਪੂਰੀ ਖ਼ਬਰ
ਇਹ ਬਿਆਨ ਭੋਪਾਲ ਦੀ ਸੰਸਦ ਸਾਧਵੀ ਪ੍ਰਗਿਆ ਠਾਕੁਰ ਤੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਸਮੇਤ ਭਾਜਪਾ ਦੇ ਕੁਝ ਪ੍ਰਮੁੱਖ ਨੇਤਾਵਾਂ ਵਲੋਂ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਪਠਾਨ’ ਦੇ ਬਾਈਕਾਟ ਦੇ ਸੱਦੇ ਤੋਂ ਬਾਅਦ ਆਇਆ ਹੈ।
ਨਰੋਤਮ ਮਿਸ਼ਰਾ ਨੇ ਗੀਤ ’ਚ ਦੀਪਿਕਾ ਪਾਦੁਕੋਣ ਦੇ ਪਹਿਰਾਵੇ ’ਤੇ ਇਤਰਾਜ਼ ਜਤਾਇਆ ਤੇ ਸ਼ਾਹਰੁਖ ਖ਼ਾਨ ਤੇ ਦੀਪਿਕਾ ਦੇ ਪਹਿਰਾਵੇ ਦੇ ਰੰਗ ’ਤੇ ਵੀ ‘ਸੁਧਾਰ’ ਦੀ ਮੰਗ ਕੀਤੀ।
ਚੰਡੀਗੜ੍ਹ ਸਥਿਤ ਇਕ ਦੱਖਣਪੰਥੀ ਸੰਗਠਨ ਨੇ ਸਥਾਨਕ ਪ੍ਰਸ਼ਾਸਨ ਨੂੰ ਆਉਣ ਵਾਲੀ ਬਾਲੀਵੁੱਡ ਫ਼ਿਲਮ ‘ਪਠਾਨ’ ਦੀ ਸਕ੍ਰੀਨਿੰਗ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ ਤੇ ਗੀਤ ‘ਬੇਸ਼ਰਮ ਰੰਗ’ ਲਈ ਇਸ ਦੇ ਨਿਰਮਾਤਾਵਾਂ ਵਿਰੁੱਧ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ ਹੈ। ਦੀਪਿਕਾ ਪਾਦੁਕੋਣ ਤੇ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ 25 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਆਪਣੇ ਪਹਿਲੇ ਗੀਤ ‘ਬੇਸ਼ਰਮ ਰੰਗ’ ਤੋਂ ਹੀ ਵਿਵਾਦਾਂ ’ਚ ਘਿਰੀ ਹੋਈ ਹੈ।
ਸੈਂਸਰ ਬੋਰਡ ਨੇ ਬਦਲਾਅ ਦੇ ਹੁਕਮ ਦਿੱਤੇ ਹਨ
ਇਸ ਦੌਰਾਨ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਹਾਲ ਹੀ ’ਚ ਇਕ ਬਿਆਨ ’ਚ ਕਿਹਾ ਕਿ ‘ਪਠਾਨ’ ਦੇ ਨਿਰਮਾਤਾਵਾਂ ਨੂੰ ਗੀਤਾਂ ਸਮੇਤ ‘ਸੁਝਾਏ ਗਏ ਬਦਲਾਅ ਨੂੰ ਲਾਗੂ ਕਰਨ’ ਤੇ ਤਬਦੀਲੀਆਂ ਤੋਂ ਬਾਅਦ ਨਵਾਂ ਸੰਸਕਰਣ ਪੇਸ਼ ਕਰਨ ਲਈ ਕਿਹਾ ਗਿਆ ਹੈ। ਸੈਂਸਰ ਬੋਰਡ ਨੇ ਇਹ ਕਦਮ ‘ਬੇਸ਼ਰਮ ਰੰਗ’ ਵਿਵਾਦ ਤੋਂ ਬਾਅਦ ਚੁੱਕਿਆ ਹੈ, ਜਿਸ ’ਚ ਦੀਪਿਕਾ ਪਾਦੁਕੋਣ ਭਗਵਾ ਬਿਕਨੀ ’ਚ ਦਿਖਾਈ ਦਿੱਤੀ ਸੀ। ਗੀਤ ’ਤੇ ‘ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਦਾ ਦੋਸ਼ ਲਗਾਇਆ ਗਿਆ ਸੀ ਤੇ ਫ਼ਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਗੀਤ ਨੂੰ 12 ਦਸੰਬਰ ਨੂੰ ਨਿਰਮਾਤਾ ਯਸ਼ਰਾਜ ਫ਼ਿਲਮਜ਼ (YRF) ਦੁਆਰਾ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।