ਸੰਸਦ ਮੈਂਬਰ ਮਹੂਆ ਮਾਝੀ ਦੀ ਕਾਰ ਟਰੱਕ ਨਾਲ ਟਕਰਾਈ, ਗੁੱਟ ਦੀ ਹੱਡੀ ਟੁੱਟੀ
Thursday, Feb 27, 2025 - 02:11 PM (IST)

ਲਾਤੇਹਾਰ- ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿਚ ਬੁੱਧਵਾਰ ਤੜਕੇ ਮਹਾਕੁੰਭ ਤੋਂ ਵਾਪਸ ਆਉਂਦੇ ਸਮੇਂ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੀ ਰਾਜ ਸਭਾ ਮੈਂਬਰ ਮਹੂਆ ਮਾਝੀ ਦੀ ਕਾਰ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮਾਝੀ ਦੇ ਖੱਬੇ ਗੁੱਟ ਦੀ ਹੱਡੀ ਟੁੱਟ ਗਈ ਅਤੇ ਉਸ ਨੂੰ ਰਾਂਚੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਪੁਲਸ ਨੇ ਕਿਹਾ ਕਿ ਹਾਦਸੇ ਵਿਚ ਉਨ੍ਹਾਂ ਦੀ ਕਾਰ ’ਚ ਸਵਾਰ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਹ ਘਟਨਾ ਕੌਮੀ ਹਾਈਵੇਅ-75 ’ਤੇ ਹੋਟਵਾਗ ਪਿੰਡ ਨੇੜੇ ਦੇਰ ਰਾਤ ਲੱਗਭਗ 2.30 ਵਜੇ ਵਾਪਰੀ। ਸਦਰ ਪੁਲਸ ਸਟੇਸ਼ਨ ਦੇ ਇੰਚਾਰਜ ਦੁਲਾਰ ਚੌੜੇ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮਾਝੀ ਨੂੰ ਤੁਰੰਤ ਸਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਰਾਂਚੀ ਸਥਿਤ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਰਿਮਸ) ਰੈਫਰ ਕਰ ਦਿੱਤਾ ਗਿਆ।