ਨਹਿਰ ''ਚ ਡਿੱਗੀ ਕਾਰ, ਤਿੰਨ ਲੋਕਾਂ ਦੀ ਮੌਤ
Wednesday, Mar 26, 2025 - 03:32 PM (IST)

ਰੀਵਾ- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਇਕ ਕਾਰ ਦੇ ਨਹਿਰ 'ਚ ਡਿੱਗਣ ਨਾਲ ਉਸ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਹਾਦਸਾ ਗੋਵਿੰਦਗੜ੍ਹ ਥਾਣਾ ਖੇਤਰ ਦੇ ਅਮਿਲਕੀ ਪਿੰਡ 'ਚ ਮੰਗਲਵਾਰ ਰਾਤ ਲਗਭਗ 9 ਵਜੇ ਹੋਇਆ। ਅਧਿਕਾਰੀ ਨੇ ਕਿਹਾ,''ਕਾਰ 'ਚ 5 ਲੋਕ ਸਵਾਰ ਸਨ। ਇਹ ਜਿਸ ਰਸਤੇ ਤੋਂ ਲੰਘ ਰਹੀ ਸੀ, ਉੱਥੇ ਪੁਲ ਦੇ ਨਿਰਮਾਣ ਕਾਰਨ ਯਾਤਰਾ ਮਾਰਗ 'ਚ ਤਬਦੀਲੀ ਕੀਤੀ ਗਈ ਸੀ। ਹਾਲਾਂਕਿ, ਕਾਰ ਦੂਜੇ ਮਾਰਗ ਵੱਲ ਜਾਣ ਦੀ ਬਜਾਏ ਸਿੱਧੇ ਚੱਲਦੇ ਹੋਏ ਨਹਿਰ 'ਚ ਜਾ ਡਿੱਗੀ।''
ਉਨ੍ਹਾਂ ਕਿਹਾ ਕਿ ਹਾਦਸੇ 'ਚ ਕਾਰ ਸਵਾਰ ਇਕ ਵਿਅਕਤੀ ਦੀ ਹਾਦਸੇ ਵਾਲੀ ਜਗ੍ਹਾ ਹੀ ਮੌਤ ਹੋ ਗਈ, ਜਦੋਂ ਕਿ 2 ਹੋਰ ਲੋਕਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ 2 ਹੋਰ ਜ਼ਖ਼ਮੀਆਂ ਦਾ ਰੀਵਾ ਦੇ ਸੰਜੇ ਗਾਂਧੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਡਿਪਟੀ ਸੁਪਰਡੈਂਟ ਯਤਨੇਸ਼ ਤ੍ਰਿਪਾਠੀ ਨੇ ਦੱਸਿਆ ਕਿ ਕ੍ਰਿਸ਼ ਖਟੀਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਰਾਜ ਖਟੀਕ ਅਤੇ ਰਾਜੀਵ ਰਜਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਤ੍ਰਿਪਾਠੀ ਨੇ ਕਿਹਾ ਕਿ ਹਦਾਸੇ 'ਚ ਜ਼ਖ਼ਮੀ 2 ਲੋਕਾਂ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8