ਸੰਸਦ ਮੈਂਬਰਾਂ ਦੀ ਵਧ ਗਈ Salary, ਹੁਣ ਹਰ ਮਹੀਨੇ ਮਿਲੇਗੀ ਇੰਨੀ ਤਨਖਾਹ
Monday, Mar 24, 2025 - 05:21 PM (IST)

ਨੈਸ਼ਨਲ ਡੈਸਕ- ਦੇਸ਼ ਦੇ ਸੰਸਦ ਮੈਂਬਰਾਂ ਦੀ ਤਨਖਾਹ 'ਚ ਵਾਧਾ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸੰਸਦ ਮੈਂਬਰਾਂ ਦੀ ਤਨਖਾਹ, ਭੱਤੇ ਅਤੇ ਪੈਨਸ਼ਨ ਐਕਟ, 1954 ਦੇ ਅਧੀਨ ਤਨਖਾਹ ਅਤੇ ਭੱਤਿਆਂ 'ਚ ਸੋਧ ਕੀਤਾ ਹੈ। ਇਹ ਨਵਾਂ ਤਨਖਾਹ ਸਕੇਲ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ। ਇਸ ਵਾਧੇ ਦੇ ਪਿੱਛੇ ਸਰਕਾਰ ਦਾ ਤਰਕ ਹੈ ਕਿ ਬੀਤੇ 5 ਸਾਲਾਂ 'ਚ ਮਹਿੰਗਾਈ ਕਾਫ਼ੀ ਵਧੀ ਹੈ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਤਬਦੀਲੀ ਕੀਤੀ ਗਈ ਹੈ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਤਨਖਾਹ, ਭੱਤੇ ਅਤੇ ਪੈਨਸ਼ਨ 'ਚ ਤਬਦੀਲੀ ਕੀਤੀ ਗਈ ਹੈ। ਆਓ ਜਾਣਦੇ ਹਾਂ ਹੁਣ ਉਨ੍ਹਾਂ ਨੂੰ ਕਿੰਨੀ ਤਨਖਾਹ ਮਿਲੇਗੀ :
ਮਹੀਨਾਵਾਰ ਤਨਖਾਹ- ਪਹਿਲੇ ਸੰਸਦ ਮੈਂਬਰਾਂ ਨੂੰ 1,00,000 ਹਰ ਮਹੀਨੇ ਮਿਲਦੇ ਸਨ, ਜਿਸ ਨੂੰ ਹੁਣ ਵਧਾ ਕੇ 1,24,000 ਕਰ ਦਿੱਤਾ ਗਿਆ ਹੈ।
ਰੋਜ਼ਾਨਾ ਭੱਤਾ- ਇਹ ਪਹਿਲੇ 2 ਹਜ਼ਾਰ ਸੀ, ਜਿਸ ਨੂੰ ਹੁਣ ਵਧਾ ਕੇ 2,500 ਕਰ ਦਿੱਤਾ ਗਿਆ ਹੈ।
ਪੈਨਸ਼ਨ (ਸਾਬਕਾ ਸੰਸਦ ਮੈਂਬਰਾਂ ਲਈ)- ਸਾਬਕਾ ਸੰਸਦ ਮੈਂਬਰਾਂ ਦੀ ਮਹੀਨਾਵਾਰ ਪੈਨਸ਼ਨ 25 ਹਜ਼ਾਰ ਰੁਪਏ ਹਰ ਮਹੀਨੇ ਤੋਂ ਵਧਾ ਕੇ 31 ਹਜ਼ਾਰ ਰੁਪਏ ਹਰ ਮਹੀਨੇ ਕਰ ਦਿੱਤੀ ਗਈ ਹੈ। 5 ਸਾਲ ਤੋਂ ਵੱਧ ਦੀ ਸੇਵਾ 'ਤੇ ਹਰੇਕ ਸਾਲ ਲਈ ਵਾਧੂ ਪੈਨਸ਼ਨ 2 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 2,500 ਰੁਪਏ ਹਰ ਮਹੀਨੇ ਕਰ ਦਿੱਤੀ ਗਈ ਹੈ।
ਸਰਕਾਰ ਨੇ ਕਿਉਂ ਕੀਤਾ ਤਨਖਾਹਾਂ 'ਚ ਵਾਧਾ
ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਮਹਿੰਗਾਈ ਦੇ ਅਸਰ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਮਹਿੰਗਾਈ ਦਰ ਅਤੇ ਲਾਗਤ ਸੂਚਕਾਂਕ (Cost Inflation Index) ਨੂੰ ਧਿਆਨ 'ਚ ਰੱਖਦੇ ਹੋਏ ਇਹ ਤਬਦੀਲੀ ਹੋਈ ਹੈ। ਆਰਬੀਆਈ ਦੇ ਮਹਿੰਗਾਈ ਦਰ ਦੇ ਅੰਕੜਿਆਂ ਦੇ ਆਧਾਰ 'ਤੇ ਸੰਸਦ ਮੈਂਬਰਾਂ ਦੀ ਆਰਥਿਕ ਸਥਿਤੀ ਨੂੰ ਸੰਤੁਲਿਤ ਰੱਖਣ ਲਈ ਇਹ ਫ਼ੈਸਲਾ ਲਿਆ ਗਿਆ ਹੈ।
ਇਸ ਫ਼ੈਸਲੇ ਨਾਲ ਕਿਸ ਨੂੰ ਹੋਵੇਗਾ ਫਾਇਦਾ
- ਮੌਜੂਦਾ ਸੰਸਦ ਮੈਂਬਰਾਂ ਨੂੰ ਵਧੀ ਹੋਈ ਤਨਖਾਹ ਮਿਲੇਗੀ।
- ਸਾਬਕਾ ਸੰਸਦ ਮੈਂਬਰਾਂ ਨੂੰ ਵੱਧ ਪੈਨਸ਼ਨ ਦਾ ਲਾਭ ਮਿਲੇਗਾ।
- 5 ਸਾਲ ਤੋਂ ਵੱਧ ਸੇਵਾ ਦੇਣ ਵਾਲੇ ਸੰਸਦ ਮੈਂਬਰਾਂ ਨੂੰ ਵਾਧੂ ਪੈਨਸ਼ਨ 'ਚ ਵਾਧੇ ਦਾ ਫਾਇਦਾ ਮਿਲੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8