ਖਿਡਾਰੀਆਂ ਲਈ ਅਹਿਮ ਖ਼ਬਰ, ਮੁੱਖ ਮੰਤਰੀ ਨਿਤੀਸ਼ ਨੇ ਕੀਤਾ ਵੱਡਾ ਐਲਾਨ
Friday, Feb 10, 2023 - 03:07 PM (IST)
ਪਟਨਾ (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਮਗੇ ਲਿਆਉਣ ਵਾਲੇ ਸੂਬੇ ਦੇ ਖਿਡਾਰੀਆਂ ਨੂੰ 'ਬਿਹਾਰ ਪ੍ਰਸ਼ਾਸਨਿਕ ਸੇਵਾ' ਅਤੇ 'ਬਿਹਾਰ ਪੁਲਸ ਸੇਵਾ' ਵਿੱਚ ਗ੍ਰੇਡ 'ਵਨ' ਦੀ ਨੌਕਰੀ ਦਿੱਤੀ ਜਾਵੇਗੀ। ਪਟਨਾ ਦੇ ਪਾਟਲੀਪੁੱਤਰ ਸਪੋਰਟਸ ਕੰਪਲੈਕਸ ਵਿਖੇ 18ਵੀਂ ਰਾਸ਼ਟਰੀ ਅੰਤਰ-ਜ਼ਿਲ੍ਹਾ ਜੂਨੀਅਰ ਅਥਲੈਟਿਕਸ ਮੀਟ (ਐੱਨ.ਆਈ.ਡੀ.ਜੇ.ਏ.ਐੱਮ.) ਦਾ ਉਦਘਾਟਨ ਕਰਦਿਆਂ ਨਿਤੀਸ਼ ਨੇ ਕਿਹਾ, “ਸੂਬਾ ਸਰਕਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਕੇ ਤਮਗੇ ਜਿੱਤਣ ਵਾਲੇ ਅਤੇ ਸੂਬੇ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਨੌਕਰੀ ਦੇਵੇਗੀ।''
ਉਨ੍ਹਾਂ ਕਿਹਾ ਕਿ ਅਜੇ ਸੂਬਾ ਸਰਕਾਰ ਤਮਗਾ ਜੇਤੂਆਂ ਨੂੰ ਗਰੁੱਪ ਸੀ ਦੀ ਨੌਕਰੀ ਦੇ ਰਹੀ ਹੈ। ਹੁਣ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਮਗੇ ਲਿਆਉਣ ਵਾਲੇ ਖਿਡਾਰੀਆਂ ਨੂੰ ਬਿਹਾਰ ਪ੍ਰਸ਼ਾਸਨਿਕ ਸੇਵਾ ਅਤੇ ਬਿਹਾਰ ਪੁਲਸ ਸੇਵਾ ਵਿੱਚ ਗ੍ਰੇਡ "ਵਨ" ਦੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਰਾਜਗੀਰ ਵਿਖੇ ਅਤਿ-ਆਧੁਨਿਕ ਅੰਤਰਰਾਸ਼ਟਰੀ ਖੇਡ ਸਟੇਡੀਅਮ ਅਤੇ ਖੇਡ ਯੂਨੀਵਰਸਿਟੀ ਦਾ ਨਿਰਮਾਣ ਕਰ ਰਹੀ ਹੈ। ਸਰਕਾਰ ਰਾਜਗੀਰ ਪ੍ਰਾਜੈਕਟ ਲਈ ਪਹਿਲਾਂ ਹੀ 740 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ।