ਮੁੰਬਈ 'ਚ ਹੋਇਆ 22000 ਕਰੋੜ ਦਾ ਘਪਲਾ, ED ਨੇ ਓਮਕਾਰ ਗਰੁੱਪ ਦੇ ਚੇਅਰਮੈਨ ਅਤੇ MD ਨੂੰ ਕੀਤਾ ਗ੍ਰਿਫਤਾਰ

Saturday, Jan 30, 2021 - 01:13 PM (IST)

ਮੁੰਬਈ - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਓਮਕਾਰ ਗਰੁੱਪ ਦੇ ਚੇਅਰਮੈਨ ਕਮਲ ਗੁਪਤਾ ਅਤੇ ਮੈਨੇਜਿੰਗ ਡਾਇਰੈਕਟਰ ਬਾਬੂ ਲਾਲ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਈਡੀ ਓਮਕਾਰ ਸਮੂਹ ਨਾਲ ਜੁੜੇ 10 ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਸੀ। ਛਾਪੇਮਾਰੀ ਦੌਰਾਨ ਈਡੀ ਨੂੰ ਕਈ ਮਹੱਤਵਪੂਰਨ ਦਸਤਾਵੇਜ਼ ਮਿਲੇ ਹਨ। ਜਿਸ ਤੋਂ ਬਾਅਦ ਦੋਹਾਂ ਨੂੰ ਬੁੱਧਵਾਰ ਨੂੰ ਜਾਂਚ ਏਜੰਸੀ ਨੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਬੁਲਾਇਆ ਗਿਆ ਸੀ। ਈਡੀ ਨੇ ਪੁੱਛ-ਗਿੱਛ ਵਿਚ ਸਹਿਯੋਗ ਨਾ ਦੇਣ ਕਾਰਨ ਦੋਵਾਂ ਨੂੰ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ 22000 ਕਰੋੜ ਰੁਪਏ ਦੀ ਝੁੱਗੀ ਮੁੜ ਵਸੇਬੇ ਦੀ ਯੋਜਨਾ ਵਿਚ ਹੋਈ ਧੋਖਾਧਡ਼ੀ ਤਹਿਤ ਵਿਭਾਗ ਨੇ ਇਹ ਗ੍ਰਿਫਤਾਰੀ ਕੀਤੀ ਹੈ।

ਇਹ ਵੀ ਪਡ਼੍ਹੋ : ਜੈਕ ਮਾ ਦੀ ਵਾਪਸੀ ਨਾਲ ਵੀ ਸਟਾਕ ਮਾਰਕੀਟ ਵਿਚ ਨਹੀਂ ਪਰਤੀ ਰੌਣਕ

ਜਾਣੋ ਕੀ ਹੈ ਮਾਮਲਾ 

ਦੱਸ ਦੇਈਏ ਕਿ ਓਮਕਾਰ ਗਰੁੱਪ ਨੇ ਝੁੱਗੀਆਂ ਮੁੜ ਵਸੇਬੇ ਦੀ ਯੋਜਨਾ ਲਈ ਯੈਸ ਬੈਂਕ ਤੋਂ 450 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਓਮਕਾਰ ਸਮੂਹ 'ਤੇ ਮੁੰਬਈ ਦੀ ਸਲੱਮ ਪੁਨਰਵਾਸ ਯੋਜਨਾ 'ਤੇ ਖਰਚੇ ਦਿਖਾ ਕੇ ਕਰੋੜਾਂ ਰੁਪਏ ਦੀ ਲੁੱਟ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਈਡੀ ਵਿਭਾਗ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਲੋਕ ਈਡੀ ਨਾਲ ਸਹਿਯੋਗ ਨਹੀਂ ਕਰ ਰਹੇ ਸਨ। ਇਸ ਲਈ ਈ.ਡੀ. ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਉਹ ਦੋਵੇਂ ਵੀਰਵਾਰ ਨੂੰ ਪੀਐਮਐਲਏ ਅਦਾਲਤ ਵਿਚ ਪੇਸ਼ ਹੋਏ ਜਿਥੇ ਉਨ੍ਹਾਂ ਨੂੰ ਵਿਸ਼ੇਸ਼ ਅਦਾਲਤ ਨੇ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਹੁਣ 
ਯੇਸ ਬੈਂਕ ਤੋਂ ਲਏ ਗਏ 450 ਕਰੋੜ ਰੁਪਏ ਦੇ ਕਰਜ਼ੇ ਨੂੰ ਕਿਸੇ ਹੋਰ ਥਾਂ ਇਸਤੇਮਾਲ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਦੌਰਾਨ ਓਮਕਾਰ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਈਡੀ ਦੀ ਇਹ ਕਾਰਵਾਈ ਓਰੰਗਾਬਾਦ ਵਿਚ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਕੀਤੇ ਗਏ 410 ਕਰੋੜ ਰੁਪਏ ਦੇ ਮਾਮਲੇ ਤਹਿਤ ਕੀਤੀ ਗਈ ਹੈ। ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਓਮਕਾਰ ਗਰੁੱਪ ਦੇ ਖਿਲਾਫ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਦੇ ਅਧਾਰ ਤੇ ਜਾਂਚ ਕਰ ਰਹੀ ਹੈ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਐਸਆਰਏ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਓਮਕਾਰ ਗਰੁੱਪ ਨੇ ਕਈ ਪ੍ਰਾਜੈਕਟਾਂ ਲਈ ਲੈਟਰ ਆਫ਼ ਇੰਟੈਂਟ (ਐਲਓਸੀ) ਹਾਸਲ ਕਰ ਲਿਆ। ਜਿਸ ਦੇ ਅਧਾਰ 'ਤੇ ਉਸਨੇ ਵੱਖ-ਵੱਖ ਬੈਂਕਾਂ ਤੋਂ 22 ਹਜ਼ਾਰ ਕਰੋੜ ਦਾ ਕਰਜ਼ਾ ਲਿਆ। ਓਮਕਾਰ ਸਮੂਹ ਉੱਤੇ ਐਸ ਆਰ ਏ ਪ੍ਰਾਜੈਕਟਾਂ ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਵੀ ਦੋਸ਼ ਹੈ।

ਇਹ ਵੀ ਪਡ਼੍ਹੋ : Paytm ਦੇ ਰਿਹੈ ਮੁਫ਼ਤ ਗੈਸ ਸਿਲੰਡਰ ਦਾ Offer, ਜਾਣੋ ਕਿਹੜੇ ਲੋਕਾਂ ਨੂੰ ਮਿਲੇਗਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News