ਭਾਰਤ ਦਾ ਚੀਨ ਨੂੰ ਦੀਵਾਲੀ ’ਤੇ ਤੋਹਫਾ, ਸਟੀਲ ਡੰਪਿੰਗ ’ਤੇ ਲਗਾਈ ਫੀਸ

Sunday, Nov 07, 2021 - 01:48 PM (IST)

ਭਾਰਤ ਦਾ ਚੀਨ ਨੂੰ ਦੀਵਾਲੀ ’ਤੇ ਤੋਹਫਾ, ਸਟੀਲ ਡੰਪਿੰਗ ’ਤੇ ਲਗਾਈ ਫੀਸ

ਨਵੀਂ ਦਿੱਲੀ - ਭਾਰਤ ਨਾਲ ਲੱਗਣ ਵਾਲੀ ਸਰਹੱਦ ’ਤੇ ਚੀਨ ਜਿਵੇਂ-ਜਿਵੇਂ ਆਪਣੀਆਂ ਫੌਜੀ ਸਰਗਰਮੀਆਂ ਵਧਾਉਂਦਾ ਰਿਹਾ ਹੈ, ਉਸ ਨੂੰ ਦੇਖਦੇ ਹੋਏ ਭਾਰਤੀ ਫੌਜ ਵੀ ਉਸੇ ਤਰਜ਼ ’ਤੇ ਆਪਣੀ ਮੌਜੂਦਗੀ ਵਧਾ ਰਹੀ ਹੈ। ਇਸ ਦੇ ਇਲਾਵਾ ਭਾਰਤ ਨੇ ਚੀਨ ਨੂੰ ਦੀਵਾਲੀ ’ਤੇ ਇਕ ਖਾਸ ਤੋਹਫਾ ਦਿੱਤਾ ਹੈ। ਭਾਰਤ ਆਪਣੇ ਭਾਰੀ ਉਦਯੋਗ ਨੂੰ ਹੋਰ ਰਫਤਾਰ ਦੇਣ ਲਈ ਵਿਸ਼ੇਸ਼ ਕਿਸਮ ਦੇ ਸਟੀਲ, ਜਿਸ ਨੂੰ ‘ਸਪੈਸ਼ਲਿਟੀ ਸਟੀਲ’ ਕਹਿੰਦੇ ਹਨ, ਦੇ ਉਤਪਾਦਨ ਲਈ 6322 ਕਰੋੜ ਰੁਪਏ ਦੀ ਪੀ. ਐੱਲ. ਆਈ. ਸਕੀਮ ਤਹਿਤ ਕੰਮ ਸ਼ੁਰੂ ਕਰਨ ਜਾ ਰਿਹਾ ਹੈ।

ਪੀ. ਐੱਲ. ਆਈ. ਸਕੀਮ ਤਹਿਤ ਸਪੈਸ਼ਲਿਟੀ ਸਟੀਲ ਦਾ ਉਤਪਾਦਨ ਦੇਸ਼ ’ਚ ਹੀ ਹੋਵੇਗਾ। ਅਜੇ ਤੱਕ ਦੇਸ਼ ’ਚ ਇਸ ਦਾ ਉਤਪਾਦਨ ਨਹੀਂ ਹੁੰਦਾ ਸੀ। ਆਮ ਸਟੀਲ ਦਾ ਉਤਪਾਦਨ ਦੇਸ਼ ਅੰਦਰ ਬਹੁਤ ਪਹਿਲਾਂ ਤੋਂ ਹੁੰਦਾ ਰਿਹਾ ਹੈ ਪਰ ਸਪੈਸ਼ਲਿਟੀ ਸਟੀਲ ਲਈ ਭਾਰਤ ਨੂੰ ਵਿਦੇਸ਼ਾਂ ’ਤੇ ਨਿਰਭਰ ਰਹਿਣਾ ਪੈਂਦਾ ਸੀ। ਭਾਰਤ ਹੁਣ ਤੱਕ 4 ਅਰਬ ਡਾਲਰ ਦੀ ਸਪੈਸ਼ਲਿਟੀ ਸਟੀਲ ਦੀ ਦਰਾਮਦ ਵਿਦੇਸ਼ਾਂ ਤੋਂ ਕਰਦਾ ਸੀ। ਵਿਦੇਸ਼ਾਂ ਤੋਂ ਦਰਾਮਦ ਹੋਣ ਵਾਲੇ ਸਪੈਸ਼ਲਿਟੀ ਸਟੀਲ ਦਾ ਵੱਡਾ ਹਿੱਸਾ ਚੀਨ ਤੋਂ ਆਉਂਦਾ ਸੀ। ਸਪੈਸ਼ਲਿਟੀ ਸਟੀਲ ਦੀ ਵਰਤੋਂ ਰੱਖਿਆ ਯੰਤਰਾਂ, ਏਅਰੋ ਸਪੇਸ, ਫੌਜੀ ਵਿਗਿਆਨ ਖੇਤਰ, ਆਟੋਮੋਟਿਵ ਖੇਤਰ ਅਤੇ ਦੂਸਰੇ ਮਹੱਤਵਪੂਰਨ ਖੇਤਰਾਂ ’ਚ ਹੁੰਦੀ ਹੈ।

ਇਸ ਪੀ. ਐੱਲ. ਆਈ. ਸਕੀਮ ਨਾਲ ਚੀਨ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਭਾਰਤ ਲਈ ਬੜਾ ਜ਼ਰੂਰੀ ਸੀ ਕਿ ਸਪੈਸ਼ਲਿਟੀ ਸਟੀਲ ਨੂੰ ਲੈ ਕੇ ਚੀਨ ’ਤੇ ਨਿਰਭਰਤਾ ਖਤਮ ਕੀਤੀ ਜਾਵੇ। ਇਸ ਦੇ ਨਾਲ ਹੀ ਆਮ ਸਟੀਲ ’ਤੇ ਵੀ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਜੇਕਰ ਦੁਨੀਆ ਭਰ ਦੀ ਚੋਟੀ ਦੀ ਸਪੈਸ਼ਲਿਟੀ ਸਟੀਲ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਜਿੱਥੇ 111 ਮਿਲੀਅਨ ਟਨ ਸਟੀਲ ਦਾ ਉਤਪਾਦਨ ਕਰਦਾ ਹੈ, ਉੱਥੇ ਚੀਨ 996 ਮਿਲੀਅਨ ਟਨ ਸਟੀਲ ਦਾ ਉਤਪਾਦਨ ਕਰਦਾ ਹੈ।

ਇਹ ਵੀ ਪੜ੍ਹੋ : ਕੀ ਭਾਰਤ ਛੱਡ ਲੰਡਨ ਜਾ ਰਹੇ ਨੇ ਮੁਕੇਸ਼ ਅੰਬਾਨੀ ? RIL ਨੇ ਦਿੱਤਾ ਇਹ ਸਪੱਸ਼ਟੀਕਰਨ

ਇਸ ਅੰਕੜੇ ਤੋਂ ਜ਼ਾਹਿਰ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਉਤਪਾਦਕ ਹੁੰਦੇ ਹੋਏ ਵੀ ਚੀਨ ਤੋਂ 10 ਗੁਣਾ ਘੱਟ ਸਟੀਲ ਉਤਪਾਦਨ ਕਰਦਾ ਹੈ। ਵਿਸ਼ਵ ਪੱਧਰ ’ਤੇ ਚੀਨ ਪੂਰੀ ਦੁਨੀਆ ਦੀ ਖਪਤ ਦੇ 57 ਫੀਸਦੀ ਸਟੀਲ ਦਾ ਉਤਪਾਦਨ ਕਰਦਾ ਹੈ। ਵੱਡੀ ਮਾਤਰਾ ’ਚ ਉਤਪਾਦਨ ਹੋਣ ਨਾਲ ਚੀਨ ਦੇ ਸਟੀਲ ਦਾ ਭਾਅ ਘੱਟ ਹੁੰਦਾ ਹੈ ਅਤੇ ਇਹ ਉਸ ਨੂੰ ਕੌਮਾਂਤਰੀ ਬਾਜ਼ਾਰਾਂ ’ਚ ਬੜ੍ਹਤ ਦਿਵਾਉਂਦਾ ਹੈ। ਘੱਟ ਭਾਅ ਦਾ ਲਾਭ ਉਠਾਉਂਦੇ ਹੋਏ ਚੀਨ ਭਾਰਤੀ ਬਾਜ਼ਾਰ ’ਚ ਆਪਣਾ ਸਟੀਲ ਡੰਪ ਕਰਦਾ ਹੁੰਦਾ ਸੀ ਜਿਸ ਨਾਲ ਦੇਸੀ ਸਟੀਲ ਉਤਪਾਦਕਾਂ ਅਤੇ ਉਦਯੋਗ ਨੂੰ ਭਾਰੀ ਨੁਕਸਾਨ ਹੁੰਦਾ ਸੀ। ਇਸ ਦੇ ਕਾਰਨ ਦੇਸੀ ਸਟੀਲ ਉਤਪਾਦਕਾਂ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੇ ਬਾਅਦ ਸਾਲ 2017 ’ਚ ਭਾਰਤ ਸਰਕਾਰ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਕਈ ਤਰ੍ਹਾਂ ਦੇ ਸਟੀਲ ’ਤੇ ਐਂਟੀ ਡੰਪਿੰਗ ਡਿਊਟੀ ਲਗਾ ਦਿੱਤੀ ਸੀ। ਇਹ ਡਿਊਟੀ ਸਾਲ 2021 ’ਚ ਖਤਮ ਹੋਣ ਵਾਲੀ ਸੀ ਪਰ ਭਾਰਤ ਨੇ ਇਸ ਦੀ ਸਮਾਂ-ਹੱਦ ਨੂੰ ਜਨਵਰੀ 2022 ਤੱਕ ਵਧਾ ਦਿੱਤਾ ਸੀ। ਫਿਲਹਾਲ ਭਾਰਤ ਸਰਕਾਰ ਅਜੇ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਚੀਨ ਦੇ ਸਟੀਲ ’ਤੇ ਲੱਗੀ ਐਂਟੀ ਡੰਪਿੰਗ ਡਿਊਟੀ ਹਟਾਈ ਜਾਵੇ ਜਾਂ ਅਜੇ ਇਸ ਨੂੰ ਲੱਗੀ ਰਹਿਣ ਦਿੱਤਾ ਜਾਵੇ।

ਸਰਕਾਰ ਇਸ ਗੱਲ ’ਤੇ ਵਿਚਾਰ ਕਰ ਰਹੀ ਹੈ ਕਿ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ) ਦੇ ਘੇਰੇ ’ਚ ਰਹਿੰਦੇ ਹੋਏ ਚੀਨ ਦੇ ਸਟੀਲ ’ਤੇ ਕਿਵੇਂ ਐਂਟੀ ਡੰਪਿੰਗ ਡਿਊਟੀ ਲਗਾਈ ਜਾ ਸਕਦੀ ਹੈ ਕਿਉਂਕਿ ਭਾਰਤ ਵੀ ਡਬਲਿਊ. ਟੀ. ਓ. ਦਾ ਮੈਂਬਰ ਦੇਸ਼ ਹੈ ਅਤੇ ਚੀਨ ਇਸ ਮੁੱਦੇ ਨੂੰ ਡਬਲਿਊ. ਟੀ. ਓ.’ਚ ਚੁੱਕਣ ਦੀ ਕਈ ਵਾਰ ਧਮਕੀ ਦੇ ਚੁੱਕਾ ਹੈ। ਅਜਿਹੀ ਸੰਭਾਵਨਾ ਹੈ ਕਿ ਚੀਨ ਦੀ ਸਟੀਲ ਡੰਪਿੰਗ ਨੂੰ ਲੈ ਕੇ ਭਾਰਤ ਨੂੰ ਕੋਈ ਰਸਤਾ ਮਿਲ ਗਿਆ ਹੈ। ਵਣਜ ਮੰਤਰਾਲਾ ਅਧੀਨ ਆਉਣ ਵਾਲੇ ਡਾਇਰੈਕਟੋਰੇਟ ਜਨਰਲ ਆਫ ਰੈੱਡ ਰੇਮੇਡੀਜ਼ ਨੇ ਭਾਰਤ ਸਰਕਾਰ ਨੂੰ ਸੁਝਾਅ ਰਿਪੋਰਟ ਭੇਜੀ ਹੈ, ਜਿਸ ਦੇ ਤਹਿਤ ਚੀਨ ਤੋਂ ਦਰਾਮਦ ਹੋਣ ਵਾਲੇ ਸਟੀਲ ਉਪਰ ਸਾਲ-6 ਮਹੀਨੇ ਨਹੀਂ, ਸਗੋਂ ਪੂਰੇ 5 ਸਾਲਾਂ ਲਈ ਐਂਟੀ ਡੰਪਿੰਗ ਡਿਊਟੀ ਤਹਿਤ ਪਾਬੰਦੀ ਲਗਾਈ ਜਾ ਸਕਦੀ ਹੈ। ਜਿਹੜੇ ਸਟੀਲ ਦੇ ਉਪਰ 5 ਸਾਲ ਲਈ ਐਂਟੀ ਡੰਪਿੰਗ ਡਿਊਟੀ ਥੋਪਣ ਦੀ ਗੱਲ ਕਹੀ ਗਈ ਹੈ, ਉਨ੍ਹਾਂ ’ਚ ਲੋਹੇ ਦੇ ਸਰੀਏ, ਛੜਾਂ, ਸਟੀਲ ਦੀਆਂ ਇੱਟਾਂ ਅਤੇ ਇਸਪਾਤ ਸਟੀਲ, ਗੈਰ-ਇਸਪਾਤ ਸਟੀਲ ਦੀ ਕਾਇਲ ਸ਼ਾਮਲ ਹੈ।

ਇਹ ਵੀ ਪੜ੍ਹੋ : ਡਾਕਘਰ ਦੀ ਇਸ ਸਕੀਮ 'ਚ ਨਿਵੇਸ਼ ਕਰਕੇ ਮਿਲੇਗਾ ਮੋਟਾ ਰਿਟਰਨ, ਰੋਜ਼ਾਨਾ ਜਮ੍ਹਾ ਕਰਨੇ ਹੋਣਗੇ ਸਿਰਫ਼ 50 ਰੁਪਏ

ਭਾਰਤ ਨੂੰ ਚੀਨ ’ਤੇ ਐਂਟੀ ਡੰਿਪੰਗ ਡਿਊਟੀ ਲਾਉਣ ਲਈ ਵਿਸ਼ਵ ਵਪਾਰ ਸੰਗਠਨ ਦੇ ਕਾਨੂੰਨ ਤਹਿਤ ਹੀ ਕਾਰਵਾਈ ਕਰਨੀ ਹੋਵੇਗੀ ਕਿਉਂਕਿ ਭਾਰਤ ਡਬਲਿਊ. ਟੀ. ਓ. ਦਾ ਮੈਂਬਰ ਦੇਸ਼ ਹੈ। ਜੇਕਰ ਭਾਰਤ ਡਬਲਿਊ. ਟੀ. ਓ. ਦੇ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕਾਰਵਾਈ ਕਰਦਾ ਹੈ ਤਾਂ ਚੀਨ ਭਾਰਤ ’ਤੇ ਡਬਲਿਊ. ਟੀ. ਓ. ’ਚ ਮੁਕੱਦਮਾ ਦਾਇਰ ਕਰ ਸਕਦਾ ਹੈ।

ਓਧਰ ਡੀ. ਜੀ. ਟੀ. ਆਰ. ਨੇ ਭਾਰਤ ਸਰਕਾਰ ਨੂੰ ਸੌਂਪੀ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਚੀਨ ਜੋ ਵੀ ਸਟੀਲ ਭਾਰਤੀ ਬਾਜ਼ਾਰਾਂ ’ਚ ਡੰਪ ਕਰਦਾ ਹੈ, ਜੇਕਰ ਉਸ ਦੀ ਕੀਮਤ 546 ਡਾਲਰ ਪ੍ਰਤੀ ਟਨ ਹੈ ਤਾਂ ਉਸ ’ਤੇ ਭਾਰਤ ਕੋਈ ਵੀ ਐਂਟੀ ਡੰਪਿੰਗ ਡਿਊਟੀ ਨਹੀਂ ਲਗਾਏਗਾ ਅਤੇ ਜੇਕਰ ਉਸ ਸਟੀਲ ਦੀ ਕੀਮਤ 546 ਡਾਲਰ ਪ੍ਰਤੀ ਟਨ ਤੋਂ ਘੱਟ ਹੈ ਤਾਂ ਉਸ ’ਤੇ ਭਾਰਤ ਐਂਟੀ ਡੰਪਿੰਗ ਡਿਊਟੀ ਲਗਾ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਲਾਭ ਭਾਰਤ ਨੂੰ ਇਹ ਮਿਲੇਗਾ ਕਿ ਭਾਰਤ ਦੇ ਦੇਸੀ ਸਟੀਲ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ ਹੋ ਸਕੇਗੀ ਜਿਨ੍ਹਾਂ ਨੂੰ ਚੀਨ ਦੀ ਡੰਪਿੰਗ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। ਨਾਲ ਹੀ ਭਾਰਤ ਦੇ ਸਟੀਲ ਉਦਯੋਗ ਨੂੰ ਵੀ ਨੁਕਸਾਨ ਉਠਾਉਣਾ ਪੈ ਰਿਹਾ ਸੀ।

ਚੀਨ ’ਤੇ ਐਂਟੀ ਡੰਪਿੰਗ ਡਿਊਟੀ ਲਗਾਉਣ ਨਾਲ ਦੇਸੀ ਸਟੀਲ ਉਤਪਾਦਕ ਭਾਰਤ ਦੀ ਘਰੇਲੂ ਸਟੀਲ ਦੀ ਮੰਗ ਨੂੰ ਪੂਰਾ ਕਰ ਲੈਣਗੇ। ਓਧਰ ਭਾਰਤ ਦੇ ਕਰੋੜਾਂ ਡਾਲਰ ਸਟੀਲ ਦੀ ਦਰਾਮਦ ’ਤੇ ਖਰਚ ਹੋਣ ਤੋਂ ਬਚਣਗੇ। ਡੀ. ਜੀ. ਟੀ. ਆਰ. ਨੇ ਵਣਜ ਮੰਤਰਾਲਾ ਨੂੰ ਇਹ ਰਿਪੋਰਟ ਭੇਜ ਦਿੱਤੀ ਹੈ ਅਤੇ ਬਹੁਤ ਸੰਭਵ ਹੈ ਕਿ ਭਾਰਤ ਅਗਲੇ ਸਾਲ ਜਨਵਰੀ ਤੋਂ ਪਹਿਲਾਂ ਇਸ ਰਿਪੋਰਟ ’ਤੇ ਅਮਲ ਵੀ ਕਰੇਗਾ। ਦੇਸ਼ ਹਿੱਤ ਅਤੇ ਸਟੀਲ ਉਦਯੋਗ ਦੀ ਰੱਖਿਆ ਲਈ ਭਾਰਤ ਦਾ ਮਾਸਟਰ ਸਟ੍ਰੋਕ ਦੋ-ਤਰਫਾ ਵਾਰ ਕਰੇਗਾ। ਜਿੱਥੇ ਇਹ ਦੇਸੀ ਉਦਯੋਗ ਦੀ ਰੱਖਿਆ ਕਰੇਗਾ ਉੱਥੇ ਚੀਨ ਦੀ ਟੇਢੀ ਚਾਲ ਦਾ ਮੂੰਹਤੋੜ ਜਵਾਬ ਵੀ ਦੇਵੇਗਾ।

ਇਹ ਵੀ ਪੜ੍ਹੋ : Big B ਦੇ NFT ਕਲੈਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ, ਨਿਲਾਮੀ 'ਚ ਮਿਲੀਆਂ ਰਿਕਾਰਡ ਬੋਲੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News