ਅਫਗਾਨਿਸਤਾਨ ਦੀ ਫੌਜ ਨੇ ਗਲਤੀ ਨਾਲ ਦਾਗੇ ਮੋਰਟਾਰ, 23 ਲੋਕਾਂ ਦੀ ਮੌਤ : UN

07/01/2020 8:54:44 PM

ਕਾਬੁਲ— ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਦਾ ਕਹਿਣਾ ਹੈ ਕਿ ਉਸ ਦੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਅਫਗਾਨਿਸਤਾਨ ਦੀ ਫੌਜ ਨੇ ਇਸ ਹਫ਼ਤੇ ਦੱਖਣੀ ਹੇਲਮੰਦ ਸੂਬੇ ਦੇ ਇਕ ਵਿਅਸਤ ਬਾਜ਼ਾਰ ਵਿਚ ਅਚਾਨਕ ਮੋਰਟਾਰ ਦਾਗ ਦਿੱਤਾ, ਜਿਸ ਨਾਲ ਵੱਡੀ ਗਿਣਤੀ ਵਿਚ ਜਾਨੀ ਨੁਕਸਾਨ ਹੋਇਆ।

ਸੂਬੇ ਦੇ ਗਵਰਨਰ ਦਫਤਰ ਵਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਸੰਗਿਨ ਜ਼ਿਲ੍ਹੇ ਵਿਚ ਇਕ ਕਾਰ ਬੰਬ ਧਮਾਕੇ ਅਤੇ ਮੋਰਟਾਰ ਦਾਗੇ ਜਾਣ ਕਾਰਨ ਬੱਚਿਆਂ ਸਮੇਤ 23 ਵਿਅਕਤੀ ਮਾਰੇ ਗਏ। ਤਾਲਿਬਾਨ ਅਤੇ ਅਫਗਾਨ ਫੌਜ ਨੇ ਹਮਲੇ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਨੇ ਮੰਗਲਵਾਰ ਰਾਤ ਟਵੀਟ ਵਿਚ ਕਿਹਾ ਕਿ ਵੱਖ-ਵੱਖ ਭਰੋਸੇਮੰਦ ਸਰੋਤਾਂ ਨੇ ਦੱਸਿਆ ਹੈ ਕਿ ਅਫਗਾਨਿਸਤਾਨ ਦੀ ਫੌਜ ਨੇ ਤਾਲਿਬਾਨ ਦੇ ਹਮਲੇ ਦੇ ਜਵਾਬ ਵਿਚ ਮੋਰਟਾਰ ਦਾਗੀ, ਜੋ ਨਿਸ਼ਾਨਾ 'ਤੇ ਨਾ ਲੱਗੀ ਤੇ ਜਾਨੀ ਨੁਕਸਾਨ ਕਰ ਗਈ।

 ਸੂਤਰਾਂ ਨੇ ਦੱਸਿਆ ਹੈ ਕਿ ਹਮਲੇ ਸਮੇਂ ਤਾਲਿਬਾਨ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਵਿਚਾਲੇ ਲੜਾਈ ਹੋਈ ਸੀ। ਸੰਯੁਕਤ ਰਾਸ਼ਟਰ ਨੇ ਇਸ ਦੇ ਵਿਸਥਾਰ ਵਿਚ ਜਾਣਕਾਰੀ ਨਹੀਂ ਦਿੱਤੀ ਕਿ ਇਸ ਦੇ ਮਿਸ਼ਨ ਨੇ ਜਾਂਚ ਕਿਵੇਂ ਕੀਤੀ। ਟਵੀਟ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੀ ਲੜਾਈ ਵਿਚ ਸ਼ਾਮਲ ਦੋਵਾਂ ਧਿਰਾਂ ਨੂੰ ਆਮ ਨਾਗਰਿਕਾਂ ਦੀ ਆਬਾਦੀ ਵਾਲੇ ਖੇਤਰਾਂ ਵਿਚ ਲੜਨਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਲੜਾਈਆਂ ਕਾਰਨ ਹਜ਼ਾਰਾਂ ਆਮ ਲੋਕਾਂ ਦੀ ਮੌਤ ਹੁੰਦੀ ਹੈ। ਮਿਸ਼ਨ ਨੇ ਆਪਣੇ ਵਲੋਂ ਸਹਾਇਤਾ ਦੀ ਪੇਸ਼ਕਸ਼ ਕਰਦਿਆਂ, ਅਫਗਾਨਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਕਿ ਸੋਮਵਾਰ ਦੀ ਘਟਨਾ ਦੀ ਜਾਂਚ ਲਈ ਇੱਕ ਨਿਰਪੱਖ ਟੀਮ ਬਣਾਈ ਜਾਵੇ।


Sanjeev

Content Editor

Related News