ਭਟਕਦਾ ਹੋਇਆ ਸ਼ੈਤਾਨ ਖਿਡਾਰੀ ਬ੍ਰਾਊਨ ਬੀਅਰ
Monday, Nov 09, 2020 - 02:16 PM (IST)

ਖਾਸ ਤੌਰ ’ਤੇ ਉੱਤਰੀ ਧਰੁਵ ਦੇ ਕੋਲ ਪਾਇਆ ਜਾਣ ਵਾਲਾ ‘ਬ੍ਰਾਊਨ ਬੀਅਰ’ ਯਾਨੀ ਭੂਰਾ ਭਾਲੂ ਇਕ ‘ਭਟਕਦਾ ਹੋਇਆ ਸ਼ੈਤਾਨ ਖਿਡਾਰੀ’ ਮੰਨਿਆ ਜਾਂਦਾ ਹੈ। ਭੂਰੇ ਭਾਲੂ ਆਮ ਤੌਰ ’ਤੇ ਚੱਟਾਨੀ ਪਰਬਤਾਂ ’ਤੇ ਰਹਿੰਦੇ ਹਨ ਪਰ ਇਨ੍ਹਾਂ ਦੀ ਗਿਣਤੀ ਹੁਣ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ।
ਬ੍ਰਾਊਨ ਬੀਅਰ ਦੀ ਸਭ ਤੋਂ ਜ਼ਿਆਦਾ ਗਿਣਤੀ ਇਸ ਸਮੇਂ ਅਲਾਸਕਾ ’ਚ ਹੈ। ਬ੍ਰਾਊਨ ਬੀਅਰ ਇਕ ਭਾਰੀ-ਭਰਕਮ ਸਰੀਰ ਵਾਲਾ ਜਾਨਵਰ ਹੈ ਅਤੇ ਇਕ ਸਾਧਾਰਣ ਬ੍ਰਾਊਨ ਬੀਅਰ ਦਾ ਭਾਰ 400-450 ਕਿੱਲੋ ਦੇ ਦਰਮਿਆਨ ਹੋ ਸਕਦਾ ਹੈ। ਅਮਰੀਕਾ ’ਚ ਪਾਇਆ ਜਾਣ ਵਾਲਾ ਸਭ ਤੋਂ ਵੱਡਾ ਬ੍ਰਾਊਨ ਬੀਅਰ ਹੈ ‘ਕੋਡਿਆਕ’, ਜਿਸ ਦਾ ਭਾਰ ਹੈ ਕਰੀਬ 442 ਕਿੱਲੋ। ਜਦੋਂ ਇਹ ਆਪਣੇ ਦੋਵਾਂ ਪੈਰਾਂ ’ਤੇ ਖਡ਼੍ਹਾ ਹੁੰਦਾ ਹੈ ਤਾਂ ਇਸ ਦੀ ਉਚਾਈ ਤਿੰਨ ਮੀਟਰ ਤੱਕ ਪਹੁੰਚ ਸਕਦੀ ਹੈ।
ਕਾਲੇ ਭਾਲੂ ਵਾਂਗ ਭੂਰੇ ਭਾਲੂ ਦਰੱਖ਼ਤਾਂ ’ਤੇ ਨਹੀਂ ਚੜ੍ਹਦੇ ਅਤੇ ਆਪਣੇ ਵਲੋਂ ਮਾਰੇ ਗਏ ਜਾਨਵਰਾਂ ਦਾ ਹੀ ਭੋਜਨ ਕਰਦੇ ਹਨ। ਇਨ੍ਹਾਂ ਦਾ ਭੋਜਨ ਵੀ ਸਾਲ ਭਰ ਬਦਲਦਾ ਰਹਿੰਦਾ ਹੈ ਅਤੇ ਭੋਜਨ ਦੀ ਤਲਾਸ਼ ’ਚ ਇਹ ਇੱਧਰ-ਓਧਰ ਭਟਕਦੇ ਰਹਿੰਦੇ ਹਨ। ਬਸੰਤ ਅਤੇ ਗਰਮੀਆਂ ਦੀ ਰੁੱਤ ’ਚ ਇਹ ਪਰਬਤਾਂ ’ਤੇ ਆਪਣੇ ਭੋਜਨ ਲਈ ਕੰਦ ਅਤੇ ਸਰਸਫਲ ਦੀ ਤਲਾਸ਼ ’ਚ ਘੁੰਮਦੇ ਹਨ ਜਦੋਂ ਕਿ ਸਰਦ ਰੁੱਤ ’ਚ ਪੀਕਾ (ਚੂਹੇ ਵਰਗੇ ਦਿਸਣ ਵਾਲਾ ਇਕ ਛੋਟਾ ਜਾਨਵਰ), ਚੂਹੇ ਅਤੇ ਹੋਰ ਛੋਟੇ-ਛੋਟੇ ਜੀਵਾਂ ਦਾ ਸ਼ਿਕਾਰ ਕਰਦੇ ਹਨ।
ਚੂਹਿਆਂ ਦਾ ਪਿੱਛਾ ਕਰਨ ਲਈ ਤਾਂ ਬ੍ਰਾਊਨ ਬੀਅਰ ਬਹੁਤ ਮਸ਼ਹੂਰ ਹਨ। ਇਹ ਬਹੁਤ ਅਜੀਬ ਲੱਗਦਾ ਹੈ, ਜਦੋਂ 450 ਕਿੱਲੋ ਦਾ ਇਕ ਭਾਰੀ-ਭਰਕਮ ਜਾਨਵਰ 100 ਗ੍ਰਾਮ ਦੇ ਇਕ ਚੂਹੇ ਦੇ ਪਿੱਛੇ ਭੱਜਦਾ ਨਜ਼ਰ ਆਉਂਦਾ ਹੈ। ਵੈਸੇ ਕੁਝ ਭੋਜਨ ਅਜਿਹੇ ਵੀ ਹਨ ਜਿਨ੍ਹਾਂ ਦਾ ਸੇਵਨ ਇਹ ਸਾਲ ਭਰ ਕਰਦੇ ਹਨ, ਜਿਵੇਂ ਕੁਝ ਵਿਸ਼ੇਸ਼ ਕਿਸਮ ਦੀਆਂ ਪੱਤੀਆਂ ਅਤੇ ਕਈ ਕਿਸਮ ਦੀਆਂ ਜੜ੍ਹਾਂ।