ਜ਼ੁਬਿਨ ਗਰਗ ਨੂੰ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ: ਗੌਰਵ ਗੋਗੋਈ
Wednesday, Dec 03, 2025 - 02:23 PM (IST)
ਨਵੀਂ ਦਿੱਲੀ (ਏਜੰਸੀ)- ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਗੌਰਵ ਗੋਗੋਈ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਗਾਇਕ ਜ਼ੂਬੀਨ ਗਰਗ ਦੀ "ਹੱਤਿਆ" ਦਾ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ (ਮਰਨ ਉਪਰੰਤ) ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾਵੇ। ਗੋਗੋਈ ਨੇ ਸਦਨ ਵਿੱਚ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ ਗਰਗ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਹਮੇਸ਼ਾ "ਸਾਡੇ ਕੰਚਨਜੰਗਾ" ਰਹਿਣਗੇ। ਆਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਗੋਈ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ ਗਰਗ ਭਾਰਤ ਸਰਕਾਰ ਦੇ ਇਕ ਸਮਾਗਮ ਲਈ ਸਿੰਗਾਪੁਰ ਗਏ ਸਨ ਤਾਂ ਉਨ੍ਹਾਂ ਦੀ ਹੱਤਿਆ ਕਿਵੇਂ ਹੋ ਗਈ? ਉਨ੍ਹਾਂ ਕਿਹਾ, "ਮੈਂ ਕੇਂਦਰ ਸਰਕਾਰ ਨੂੰ ਜ਼ੂਬੀਨ ਗਰਗ ਨੂੰ ਸਰਵਉੱਚ ਨਾਗਰਿਕ ਸਨਮਾਨ ਪ੍ਰਦਾਨ ਕਰਨ ਦੀ ਅਪੀਲ ਕਰਦਾ ਹਾਂ।"
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸਪਾ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਗੋਗੋਈ ਦੀ ਮੰਗ ਨਾਲ ਆਪਣੇ ਆਪ ਨੂੰ ਜੋੜਿਆ। ਜ਼ੂਬੀਨ ਗਰਗ ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਹੋਈ ਸੀ। ਰਾਜ ਪੁਲਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਉਸ ਦੀ ਮੌਤ ਨੂੰ "ਕਤਲ ਦਾ ਸਪੱਸ਼ਟ ਮਾਮਲਾ" ਦੱਸਿਆ ਹੈ। ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਕਈ ਹੋਰ ਮੈਂਬਰਾਂ ਨੇ ਵੀ ਲੋਕ ਮਹੱਤਵ ਦੇ ਵੱਖ-ਵੱਖ ਮੁੱਦੇ ਉਠਾਏ।
