YS ਸ਼ਰਮਿਲਾ ਨੇ ਸੋਨੀਆ ਅਤੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਪਾਰਟੀ ਰਲੇਵੇਂ ਦੀਆਂ ਅਟਕਲਾਂ ਤੇਜ਼
Friday, Sep 01, 2023 - 11:55 AM (IST)
ਨਵੀਂ ਦਿੱਲੀ (ਭਾਸ਼ਾ)- ਵਾਈ.ਐੱਸ.ਆਰ. ਤੇਲੰਗਾਨਾ ਪਾਰਟੀ (ਵੀ.ਐੱਸ.ਆਰ.ਟੀ.ਪੀ.) ਦੀ ਮੁਖੀ ਵਾਈ.ਐੱਸ ਸ਼ਰਮਿਲਾ ਨੇ ਵੀਰਵਾਰ ਨੂੰ ਦਿੱਲੀ 'ਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਾਂਗਰਸ ਦੇ 2 ਪ੍ਰਮੁੱਖ ਨੇਤਾਵਾਂ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ ਹੈ, ਜਦੋਂ ਅਜਿਹੀਆਂ ਅਟਕਲਾਂ ਹਨ ਕਿ ਉਹ ਕਾਂਗਰਸ 'ਚ ਆਪਣੀ ਪਾਰਟੀ ਦਾ ਰਲੇਵਾਂ ਕਰ ਸਕਦੀ ਹੈ। ਇਸ ਸਾਲ ਮਈ 'ਚ ਜਦੋਂ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਵੱਡੀ ਜਿੱਤ ਮਿਲੀ ਸੀ ਤਾਂ ਉਸ ਸਮੇਂ ਸ਼ਰਮਿਲਾ ਨੇ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਡੀ.ਕੇ. ਸ਼ਿਵ ਕੁਮਾਰ ਨਾਲ ਮੁਲਾਕਾਤ ਕਰ ਕੇ ਵਧਾਈ ਦਿੱਤੀ ਸੀ। ਇਸ ਦੇ ਬਾਅਦ ਤੋਂ ਸ਼ਰਮਿਲਾ ਦੇ ਕਾਂਗਰਸ ਵੱਲ ਵਧਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦੀ ਵਾਇਰਲ ਵੀਡੀਓ ਵੇਖ ਸਿੱਖ ਸੰਗਤ 'ਚ ਭਾਰੀ ਰੋਸ, ਆਰ.ਪੀ. ਸਿੰਘ ਨੇ ਚੁੱਕੇ ਸਵਾਲ
ਮੁਲਾਕਾਤ ਤੋਂ ਬਾਅਦ ਸ਼ਰਮਿਲਾ ਨੇ ਕਿਹਾ,''ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ। ਰਚਨਾਤਮਕ ਚਰਚਾ ਹੋਈ ਹੈ। ਵਾਈ.ਐੱ. ਰਾਜਸ਼ੇਖਰ ਰੈੱਡੀ ਦੀ ਧੀ ਤੇਲੰਗਾਨਾ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਲਗਾਤਾਰ ਕੰਮ ਕਰੇਗੀ। ਮੈਂ ਇਕ ਗੱਲ ਕਹਿ ਸਕਦੀ ਹਾਂ ਕਿ ਕੇ.ਸੀ.ਆਰ. (ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ) ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।'' ਉਨ੍ਹਾਂ ਨੇ ਕਾਂਗਰਸ ਨੇਤਾਵਾਂ ਨਾਲ ਮੁਲਾਕਾਤ ਦਾ ਕੋਈ ਵੇਰਵਾ ਨਹੀਂ ਦਿੱਤਾ। ਸੰਪਰਕ ਕੀਤੇ ਜਾਣ 'ਤੇ ਵੀ.ਐੱਸ.ਆਰ. ਤੇਲੰਗਾਨਾ ਪਾਰਟੀ ਦੇ ਬੁਲਾਰੇ ਕੋਂਡਾ ਰਾਘਵ ਰੈੱਡੀ ਨੇ ਕਿਹਾ ਕਿ ਵਾਈ.ਐੱਸ.ਆਰ.ਟੀ.ਪੀ. ਦੇ ਕਿਸੇ ਵੀ ਨੇਤਾ ਜਾਂ ਕੈਡਰ ਨੂੰ ਸ਼ਰਮਿਲਾ ਦੀ ਦਿੱਲੀ ਯਾਤਰਾ ਅਤੇ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੀ ਮੁਲਾਕਾਤ ਬਾਰੇ ਜਾਣਕਾਰੀ ਨਹੀਂ ਹੈ। 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਭਰਾ ਜਗਨ ਮੋਹਨ ਰੈੱਡੀ ਲਈ ਸ਼ਰਮਿਲਾ ਨੇ ਪ੍ਰਚਾਰ ਕੀਤਾ ਸੀ ਅਤੇ ਬਾਅਦ 'ਚ ਤੇਲੰਗਾਨਾ 'ਚ ਆਪਣੀ ਖ਼ੁਦ ਦੀ ਪਾਰਟੀ ਵਾਈ.ਐੱਸ.ਆਰ.ਟੀ.ਪੀ. ਦਾ ਗਠਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8