ਦੁਕਾਨ ਅੰਦਰ ਵੜ੍ਹ ਮੁੰਡੇ ਨੂੰ ਮਾਰੇ 14 ਵਾਰ ਚਾਕੂ, ਹੋਈ ਮੌਤ

Saturday, Oct 04, 2025 - 05:13 PM (IST)

ਦੁਕਾਨ ਅੰਦਰ ਵੜ੍ਹ ਮੁੰਡੇ ਨੂੰ ਮਾਰੇ 14 ਵਾਰ ਚਾਕੂ, ਹੋਈ ਮੌਤ

ਹਿਸਾਰ : ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਇੱਕ ਖੌਫ਼ਨਾਕ ਕਤਲ ਦੀ ਘਟਨਾ ਸਾਹਮਣੇ ਆਈ ਹੈ। ਦੋ ਬਦਮਾਸ਼ਾਂ ਨੇ ਇੱਕ ਦੁਕਾਨ ਅੰਦਰ ਵੜ ਕੇ 20 ਸਾਲਾ ਨੌਜਵਾਨ ਨੂੰ 14 ਵਾਰ ਚਾਕੂਆਂ ਨਾਲ ਗੋਦ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਬਾਈਕ 'ਤੇ ਫਰਾਰ ਹੋ ਗਏ। ਇਹ ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਰਾਨੂ ਸੈਣੀ (20) ਵਜੋਂ ਹੋਈ ਹੈ। ਉਹ ਸਬਜ਼ੀ ਮੰਡੀ ਪੁਲ ਦੇ ਨੇੜੇ ਇੱਕ ਕਰਿਆਣੇ ਦੀ ਦੁਕਾਨ 'ਤੇ ਕੰਮ ਕਰਦਾ ਸੀ। ਦੁਕਾਨਦਾਰ ਹਿਮਾਂਸ਼ੂ ਨੇ ਦੱਸਿਆ ਕਿ ਰਾਨੂ ਦਿਹਾੜੀ ਦੇ ਹਿਸਾਬ ਨਾਲ ਪੈਸੇ ਲੈਂਦਾ ਸੀ ਅਤੇ ਉਹ ਹੁਣੇ ਹੀ 3 ਦਿਨਾਂ ਬਾਅਦ ਦੁਬਾਰਾ ਕੰਮ 'ਤੇ ਆਇਆ ਸੀ।

ਇਹ ਘਟਨਾ ਦੁਪਹਿਰ 2 ਵਜੇ ਵਾਪਰੀ। ਜਦੋਂ ਰਾਨੂ 'ਤੇ ਹਮਲਾ ਹੋਇਆ, ਤਾਂ ਉਹ ਦੁਕਾਨ ਦੇ ਬਾਹਰ ਬੈਠ ਕੇ ਬਿਸਕੁਟ ਖਾ ਰਿਹਾ ਸੀ। ਸੀ.ਸੀ.ਟੀ.ਵੀ. ਵੀਡੀਓ ਅਤੇ ਇੱਕ ਅੱਖੀ ਵੇਖਣ ਵਾਲੇ ਨੇ ਦੱਸਿਆ ਕਿ ਦੁਕਾਨ ਦੇ ਸਾਹਮਣੇ ਇੱਕ ਬਾਈਕ ਆ ਕੇ ਰੁਕੀ। ਬਾਈਕ 'ਤੇ ਕੁੱਲ 4 ਨੌਜਵਾਨ ਸਵਾਰ ਸਨ, ਜਿਨ੍ਹਾਂ ਵਿੱਚੋਂ 3 ਹੇਠਾਂ ਉਤਰੇ। ਇੱਕ ਹਮਲਾਵਰ ਦੇ ਹੱਥ ਵਿੱਚ ਪਿਸਤੌਲ ਸੀ। ਉਸ ਨੇ ਰਾਨੂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਪਿਸਤੌਲ ਲੋਡ ਨਾ ਹੋਣ ਕਾਰਨ ਗੋਲੀ ਚੱਲੀ ਨਹੀਂ। ਜਦੋਂ ਗੋਲੀ ਨਹੀਂ ਚੱਲੀ ਤਾਂ ਰਾਨੂ ਜਾਨ ਬਚਾਉਣ ਲਈ ਦੁਕਾਨ ਦੇ ਅੰਦਰ ਭੱਜ ਗਿਆ, ਪਰ ਦੋ ਹਮਲਾਵਰ ਵੀ ਉਸ ਦਾ ਪਿੱਛਾ ਕਰਦੇ ਹੋਏ ਅੰਦਰ ਦਾਖਲ ਹੋ ਗਏ। ਇੱਕ ਹਮਲਾਵਰ ਨੇ ਲਗਾਤਾਰ ਉਸ ਨੂੰ ਚਾਕੂਆਂ ਨਾਲ ਗੋਦਣਾ ਸ਼ੁਰੂ ਕਰ ਦਿੱਤਾ। ਰਾਨੂ ਨੇ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਮਲਾਵਰ ਵਾਰ-ਵਾਰ ਉਸ 'ਤੇ ਚਾਕੂ ਮਾਰਦਾ ਰਿਹਾ।

ਦੂਜਾ ਹਮਲਾਵਰ ਇਸ ਦੌਰਾਨ ਪਿਸਤੌਲ ਲੋਡ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਜਦੋਂ ਉਹ ਫਾਇਰਿੰਗ ਨਹੀਂ ਕਰ ਸਕਿਆ, ਤਾਂ ਉਸ ਨੇ ਰਾਨੂ ਦੇ ਸਿਰ ਵਿੱਚ ਪਿਸਤੌਲ ਦੇ ਬੱਟ ਨਾਲ ਵਾਰ ਕੀਤਾ। ਲਗਾਤਾਰ ਚਾਕੂ ਮਾਰਨ ਤੋਂ ਬਾਅਦ ਦੋਵੇਂ ਹਮਲਾਵਰ ਦੁਕਾਨ ਤੋਂ ਭੱਜ ਗਏ। ਹਮਲਾਵਰਾਂ ਦੇ ਜਾਣ ਤੋਂ ਬਾਅਦ, ਰਾਨੂ ਜ਼ਖਮੀ ਹਾਲਤ ਵਿੱਚ ਦੁਕਾਨ ਦੇ ਬਾਹਰ ਆ ਕੇ ਡਿੱਗ ਗਿਆ ਅਤੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਆਸ-ਪਾਸ ਦੇ ਲੋਕ ਤੁਰੰਤ ਉਸਨੂੰ ਹਸਪਤਾਲ ਲੈ ਕੇ ਗਏ, ਪਰ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ, ਪਰ ਖ਼ਬਰ ਲਿਖੇ ਜਾਣ ਤੱਕ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।


author

DILSHER

Content Editor

Related News