ਇੰਡੋਨੇਸ਼ੀਆ ''ਚ ਬੰਧਕ ਬਣਾਏ ਗਏ ਹਰਿਆਣਾ ਦੇ ਨੌਜਵਾਨ ਪਹੁੰਚੇ ਘਰ, ਏਜੰਟ ਗ੍ਰਿਫ਼ਤਾਰ

Friday, Sep 20, 2024 - 01:24 PM (IST)

ਕੈਥਲ- ਇੰਡੋਨੇਸ਼ੀਆ ਵਿਚ ਬੰਧਕ ਬਣਾਏ ਗਏ ਨੌਜਵਾਨਾਂ ਨੂੰ ਕੈਥਲ ਸੀ. ਆਈ. ਏ.-1 ਪੁਲਸ ਦੇ ਸਹਿਯੋਗ ਨਾਲ ਸਹੀ ਸਲਾਮਤ ਰੈਸਕਿਊ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਦੋਸ਼ੀ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਪੁਲਸ ਬੁਲਾਰੇ ਨੇ ਦੱਸਿਆ ਕਿ ਰਾਜੌਂਦ ਥਾਣੇ ਤਹਿਤ ਆਉਣ ਵਾਲੇ ਇਕ ਪਿੰਡ ਵਾਸੀ ਦੀ ਸ਼ਿਕਾਇਤ ਮੁਤਾਬਕ ਉਹ ਆਪਣੇ ਪੁੱਤਰ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦਾ ਸੀ। ਨਾਲ ਹੀ ਪਿੰਡ ਦਾ ਇਕ ਹੋਰ ਵਿਅਕਤੀ ਵੀ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਲਈ ਉਸ ਨੇ ਸੰਡੀਲ ਵਾਸੀ ਸੰਦੀਪ ਨਾਲ ਗੱਲਬਾਤ ਕੀਤੀ। ਸੰਦੀਪ ਅਤੇ ਉਸ ਦੇ ਹੋਰ ਸਾਥੀ ਰਮਨ, ਮਹੇਸ਼ ਅਤੇ ਸੋਨੂੰ ਨੇ ਦੋਹਾਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ 24-24 ਲੱਖ ਰੁਪਏ ਮੰਗੇ। ਹਾਲਾਂਕਿ ਨੌਜਵਾਨਾਂ ਦੇ ਆਸਟ੍ਰੇਲੀਆ ਪਹੁੰਚਣ ਮਗਰੋਂ ਰੁਪਏ ਦੇਣ ਦੀ ਗੱਲ ਤੈਅ ਹੋਈ ਸੀ। 5 ਸਤੰਬਰ ਨੂੰ ਦੋਹਾਂ ਨੌਜਵਾਨਾਂ ਨੂੰ ਮੁੰਬਈ ਭੇਜ ਦਿੱਤਾ ਅਤੇ 6 ਸਤੰਬਰ ਨੂੰ ਮੁੰਬਈ ਤੋਂ ਇੰਡੋਨੇਸ਼ੀਆ ਭੇਜ ਦਿੱਤਾ। ਨੌਜਵਾਨਾਂ ਨੂੰ ਉੱਥੇ ਪਹੁੰਚਾਉਣ ਮਗਰੋਂ ਦੋਸ਼ੀ ਉਨ੍ਹਾਂ ਤੋਂ ਰੁਪਏ ਮੰਗਣ ਲੱਗੇ ਅਤੇ ਨੌਜਵਾਨਾਂ ਨਾਲ ਗੱਲ ਵੀ ਨਹੀਂ ਕਰਵਾਈ।

ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਦੋਵਾਂ ਨੌਜਵਾਨਾਂ ਨੂੰ ਬੰਧਕ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਛੁਡਾਉਣ ਦੇ ਨਾਂ ’ਤੇ ਪੈਸੇ ਦੀ ਮੰਗ ਕਰਨ ਲੱਗੇ। ਉਹ 8 ਲੱਖ ਰੁਪਏ ਦੇ ਚੁੱਕੇ ਸਨ। ਨੌਜਵਾਨਾਂ ਨੂੰ ਨਾ ਤਾਂ ਆਸਟ੍ਰੇਲੀਆ ਭੇਜਿਆ ਹੈ ਅਤੇ ਨਾ ਹੀ ਵਾਪਸ ਲਿਆ ਰਹੇ ਹਨ। ਉਲਟਾ ਦੋਵਾਂ ਦੇ ਪਰਿਵਾਰਾਂ ਨੂੰ ਨੌਜਵਾਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਥਾਣਾ ਰਾਜੌਂਦ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਪੀ ਰਾਜੇਸ਼ ਕਾਲੀਆ ਨੇ ਸੀ.ਆਈ.ਏ.-1 ਪੁਲਸ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਨੌਜਵਾਨ ਨੂੰ ਛੁਡਾਉਣ ਦੇ ਆਦੇਸ਼ ਦਿੱਤੇ।

ਸੀ.ਆਈ.ਏ.-1 ਦੇ ਇੰਚਾਰਜ ਪੀ. ਐਸ. ਆਈ ਅਮਨ ਕੁਮਾਰ ਦੀ ਅਗਵਾਈ ਹੇਠ ਐਸ.ਆਈ ਪ੍ਰਦੀਪ ਕੁਮਾਰ, ਏ. ਐਸ. ਆਈ ਕਮਲਜੀਤ ਸਿੰਘ, ਏ. ਐਸ. ਆਈ ਜਸਮੇਰ ਸਿੰਘ, ਐਚ. ਸੀ.ਰਾਕੇਸ਼ ਦੀ ਟੀਮ ਨੇ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਨੂੰ ਇੰਡੋਨੇਸ਼ੀਆ ਤੋਂ ਛੁਡਵਾਇਆ ਅਤੇ ਉਨ੍ਹਾਂ ਨੂੰ ਸਹੀ ਸਲਾਮਤ ਪਹੁੰਚਾਇਆ। ਦਿੱਲੀ ਹਵਾਈ ਅੱਡੇ 'ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਂਚ ਦੌਰਾਨ ਮੁਲਜ਼ਮ ਏਜੰਟ ਮਹੇਸ਼ ਇੰਦਰ ਮਾਨ ਵਾਸੀ ਪ੍ਰਤਾਪ ਨਗਰ, ਪਟਿਆਲਾ ਨੂੰ ਸੀਆਈਏ-1 ਥਾਣਾ ਦੇ ਏ. ਐਸ. ਆਈ ਜਸਮੇਰ ਸਿੰਘ ਦੀ ਟੀਮ ਨੇ ਪਟਿਆਲਾ ਤੋਂ ਕਾਬੂ ਕੀਤਾ। ਉਕਤ ਨੌਜਵਾਨਾਂ ਨੂੰ ਮੁਲਜ਼ਮ ਮਹੇਸ਼ ਨੇ ਹੀ ਵਿਦੇਸ਼ ਭੇਜਿਆ ਸੀ। ਮੁਲਜ਼ਮ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Tanu

Content Editor

Related News