ਦਿੱਲੀ ''ਚ ਪਹਿਲੀ ''ਕੌਰ ਰਾਈਡ'', ਬੀਬੀਆਂ ਨੇ ਵਿਖਾਇਆ ਜੋਸ਼ (ਤਸਵੀਰਾਂ)

Sunday, Sep 06, 2020 - 05:30 PM (IST)

ਦਿੱਲੀ ''ਚ ਪਹਿਲੀ ''ਕੌਰ ਰਾਈਡ'', ਬੀਬੀਆਂ ਨੇ ਵਿਖਾਇਆ ਜੋਸ਼ (ਤਸਵੀਰਾਂ)

ਨਵੀਂ ਦਿੱਲੀ (ਪਰਮਿੰਦਰ ਪਾਲ ਸਿੰਘ)— ਜਾਗੋ ਪਾਰਟੀ ਦੀ 'ਯੂਥ ਕੌਰ ਬ੍ਰਿਗੇਡ' ਵੱਲੋਂ ਬੀਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਉਣ ਦੇ ਮਕਸਦ ਨਾਲ ਸਾਈਕਲ ਕੌਰ ਰਾਈਡ ਲੜੀ ਦੀ ਸ਼ੁਰੂਆਤ ਕੀਤੀ ਗਈ। ਇਸ ਲੜੀ ਵਿਚ ਦਿੱਲੀ 'ਚ ਪਹਿਲੀ ਕੌਰ ਰਾਈਡ ਅੱਜ ਰਾਜਾ ਗਾਰਡਨ ਚੌਕ ਤੋਂ ਸ਼ੁਰੂ ਹੋਕੇ ਫ਼ਤਿਹ ਨਗਰ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਪਹੁੰਚੀ। ਇਸ ਰਾਈਡ ਵਿਚ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਬੀਬੀਆਂ ਦਾ ਹੌਸਲਾ ਵਧਾਉਣ ਲਈ ਆਪਣੀ ਸਾਈਕਲ ਦੀ ਸਵਾਰੀ ਕੀਤੀ। ਯੂਥ ਕੌਰ ਬ੍ਰਿਗੇਡ ਦੀ ਪ੍ਰਧਾਨ ਅਵਨੀਤ ਕੌਰ ਭਾਟੀਆ ਵੱਲੋਂ ਆਯੋਜਿਤ ਕੀਤੀ ਗਈ ਇਸ ਰਾਈਡ 'ਚ ਸੈਂਕੜੇ ਬੀਬੀਆਂ ਨੇ ਇਕੋਂ ਜਿਹੇ ਕਾਲੇ ਟਰੈਕ ਸੂਟ, ਕੇਸਰੀ ਚੁੰਨੀਆਂ ਅਤੇ ਪੀਲੇ ਰੰਗ ਦੇ ਮਾਸਕ ਦੇ ਨਾਲ ਜੋਸ਼ ਭਰਪੂਰ ਸ਼ਿਰਕਤ ਕੀਤੀ। ਜੀ. ਕੇ. ਨੇ ਰਾਈਡ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਬੀਬੀਆਂ ਨੂੰ ਫਿਟਨੈੱਸ ਅਤੇ ਸਿਹਤ ਦੇ ਪ੍ਰਤੀ ਫ਼ਿਕਰਮੰਦ ਹੋਣ ਦੀ ਵਧਾਈ ਦਿੱਤੀ। 

PunjabKesari

ਰਾਈਡ ਖ਼ਤਮ ਹੋਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਅਵਨੀਤ ਨੇ ਬਹੁਤ ਵਧੀਆ ਅਤੇ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ ਇਹ ਪ੍ਰੋਗਰਾਮ ਉਲੀਕਿਆ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਅੱਜ ਸਾਰਿਆਂ 'ਚ ਰੋਗ ਨਾਲ ਲੜਨ ਲਈ ਰੋਗ ਰੋਕਣ ਵਾਲੀ ਸਮਰੱਥਾ ਚਾਹੀਦੀ ਹੈ, ਜੋ ਕਿ ਸਾਈਕਲ ਚਲਾਉਣ ਨਾਲ ਪੈਦਾ ਹੁੰਦੀ ਹੈ। ਸਿੱਖ ਗੁਰੂ ਸਾਹਿਬਾਨਾਂ ਨੇ ਵੀ ਵਾਤਾਵਰਣ ਬਚਾਉਣ ਅਤੇ ਫਿਟਨੈੱਸ ਕਾਇਮ ਰੱਖਣ ਲਈ ਬਹੁਤ ਯੋਗਦਾਨ ਦਿੱਤਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਨੇ ਤਾਂ ਪਵਨ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ। ਨਾਲ ਹੀ ਗੁਰੂ ਸਾਹਿਬਾਨਾਂ ਨੇ ਸ਼ਸਤਰ ਵਿੱਦਿਆ ਦੇ ਮਾਧਿਅਮ ਨਾਲ ਸਰੀਰਕ ਅਤੇ ਮਾਨਸਿਕ ਤਾਕਤ ਦਾ ਰਾਹ ਖੋਲ੍ਹਿਆ ਸੀ। ਜੀ. ਕੇ. ਨੇ ਅੱਗੇ ਵੀ ਅਜਿਹੇ ਪ੍ਰਬੰਧ ਕਰਨ ਦਾ ਐਲਾਨ ਕਰਦੇ ਹੋਏ ਬੀਬੀਆਂ ਨੂੰ ਸਰੀਰਕ ਕਸਰਤ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ। 

PunjabKesari

ਅਵਨੀਤ ਨੇ ਕੌਰ ਰਾਈਡ ਵਿਚ ਸ਼ਾਮਲ ਹੋਈਆਂ ਸਾਰਿਆਂ ਬੀਬੀਆਂ ਦਾ ਧੰਨਵਾਦ ਕਰਦੇ ਹੋਏ ਸਾਰੇ ਮੁਕਾਬਲੇਬਾਜ਼ਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਅਵਨੀਤ ਨੇ ਕਿਹਾ ਕਿ ਬੀਬੀਆਂ ਕਿਸੇ ਵੀ ਖੇਤਰ 'ਚ ਮਰਦਾਂ ਨਾਲੋਂ ਘੱਟ ਨਹੀਂ ਹਨ, ਸਗੋਂ ਕਈ ਖੇਤਰਾਂ 'ਚ ਕਾਫ਼ੀ ਅੱਗੇ ਹਨ। ਇਸ ਲਈ ਹੁਣ ਫਿਟਨੈੱਸ ਦੇ ਖੇਤਰ ਵਿਚ ਵੀ ਬੀਬੀਆਂ ਤੁਹਾਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੀ ਕੌਰ ਰਾਈਡ  ਦੇ ਮਾਧਿਅਮ ਨਾਲ ਹਿੱਸਾ ਲੈਂਦੀਆਂ ਅੱਗੇ ਨਜ਼ਰ ਆਉਣਗੀਆਂ। ਨਿਸ਼ਚਿਤ ਤੌਰ 'ਤੇ ਜੋ ਕਾਫ਼ਲਾ ਅੱਜ ਸ਼ੁਰੂ ਹੋਇਆ ਹੈ, ਇਹ ਅੱਗੇ ਹੋਰ ਵਿਸ਼ਾਲ ਰੂਪ ਲਵੇਗਾ।

 


author

Tanu

Content Editor

Related News