ਯੁਵਾ ਕਾਂਗਰਸ ਦੇ ਵਰਕਰਾਂ ਨੇ ਕਨਾਟ ਪਲੇਸ ਨੇੜੇ ਰੋਕੀ ਟਰੇਨ, ਕਈ ਹਿਰਾਸਤ ’ਚ ਲਏ ਗਏ
Monday, Jun 20, 2022 - 01:32 PM (IST)
 
            
            ਨਵੀਂ ਦਿੱਲੀ– ਫ਼ੌਜ ’ਚ ਭਰਤੀ ਦੀ ਨਵੀਂ ‘ਅਗਨੀਪਥ ਯੋਜਨਾ’ ਨੂੰ ਵਾਪਸ ਲੈਣ ਦੀ ਆਪਣੀ ਮੰਗ ਨੂੰ ਲੈ ਕੇ ਭਾਰਤੀ ਯੁਵਾ ਕਾਂਗਰਸ ਦੇ ਵਰਕਰਾਂ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਕਨਾਟ ਪਲੇਸ ਨੇੜੇ ਸ਼ਿਵਾਜੀ ਬ੍ਰਿਜ ਰੇਲਵੇ ਸਟੇਸ਼ਨ ’ਤੇ ਇਕ ਰੇਲਗੱਡੀ ਨੂੰ ਰੋਕਿਆ। ਸੂਤਰਾਂ ਨੇ ਦੱਸਿਆ ਕਿ ਪੁਲਸ ਅਤੇ ਸੁਰੱਖਿਆ ਕਾਮਿਆਂ ਨੇ ਰੇਲ ਪਟੜੀ ਨੂੰ ਖਾਲੀ ਕਰਵਾਇਆ ਅਤੇ ਕਰੀਬ ਅੱਧੇ ਘੰਟੇ ਬਾਅਦ ਰੇਲ ਗੱਡੀ ਦੀ ਆਵਾਜਾਈ ਮੁੜ ਤੋਂ ਸ਼ੁਰੂ ਹੋਈ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ। ਪੁਲਸ ਕਰਮੀਆਂ ਨੇ ਉਨ੍ਹਾਂ ਨੂੰ ਰੇਲ ਪਟੜੀ ਅਤੇ ਸਟੇਸ਼ਨ ਤੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ। ਯੁਵਾ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀ. ਵੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਗਨੀਪਥ ਯੋਜਨਾ ਨੂੰ ਵਾਪਸ ਲੈਣ ਦੀ ਲੋੜ ਹੈ। ਯੁਵਾ ਕਾਂਗਰਸ ਇਸ ਦੇਸ਼ ’ਚ ਬੇਰੁਜ਼ਗਾਰ ਨੌਜਵਾਨਾਂ ਲਈ ਲੜੇਗੀ, ਜੋ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਯੁਵਾ ਕਾਂਗਰਸ ਮੈਂਬਰਾਂ ਨੇ ਨੇੜੇ ਸਥਿਤ ਕਨਾਟ ਪਲੇਸ ’ਚ ਵੀ ਵਿਰੋਧ ਪ੍ਰਦਰਸ਼ਨ ਕੀਤਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            