ਬਲਰਾਮਪੁਰ ਨੇੜੇ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ
Wednesday, Apr 29, 2026 - 02:04 AM (IST)
ਬਲਰਾਮਪੁਰ - ਉੱਤਰ ਪ੍ਰਦੇਸ਼ ’ਚ ਬਲਰਾਮਪੁਰ ਜ਼ਿਲੇ ਦੇ ਤੁਲਸੀਪੁਰ ਥਾਣਾ ਖੇਤਰ ’ਚ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਆਏ ਇਕ ਨੌਜਵਾਨ ਦੀ ਮਾਮੂਲੀ ਝਗੜੇ ਕਾਰਨ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ 16 ਨਾਮਜ਼ਦ ਤੇ 5 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਅਨੁਸਾਰ ਸੋਮਵਾਰ ਰਾਤ ਤੁਲਸੀਪੁਰ ਥਾਣਾ ਖੇਤਰ ਦੇ ਚਮਰਾ ਬੋਝੀਆ ਪਿੰਡ ’ਚ ਇਕ ਬਰਾਤ ਆਈ ਸੀ। ਇਕ ਡਾਂਸ ਪ੍ਰੋਗਰਾਮ ਦੌਰਾਨ ਪਿੰਡ ਦੇ ਇਕ ਵਾਸੀ ਕਮਲੇਸ਼ ਚੌਹਾਨ (22) ਦੀ ਕਰੰਸੀ ਨੋਟ ਚੋਰੀ ਕਰਨ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ।
ਝਗੜਾ ਵਧਣ ਤੋਂ ਬਾਅਦ ਕਮਲੇਸ਼ ਘਰ ਵਾਪਸ ਆ ਰਿਹਾ ਸੀ ਕਿ ਉਕਤ ਨੌਜਵਾਨਾਂ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦੇ ਸੁਪਰਡੈਂਟ ਵਿਕਾਸ ਕੁਮਾਰ ਨੇ ਕਿਹਾ ਕਿ ਕੁਝ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
