ਤੁਹਾਡੀ ਵੋਟ ਤੁਹਾਡੀ ਆਵਾਜ਼ ਹੈ, ਇਸਨੂੰ ਲਾਲਚ ''ਚ ਨਾ ਵੇਚੋ: ਕੇਜਰੀਵਾਲ
Friday, Jan 24, 2025 - 07:14 PM (IST)
ਨਵੀਂ ਦਿੱਲੀ (ਏਜੰਸੀ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੀ ਵੋਟ ਤੁਹਾਡੀ ਆਵਾਜ਼ ਹੈ ਅਤੇ ਇਸਨੂੰ ਪੈਸੇ ਜਾਂ ਕਿਸੇ ਹੋਰ ਲਾਲਚ ਲਈ ਨਾ ਵੇਚੋ। ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਚੋਣਾਂ ਦੌਰਾਨ ਅਕਸਰ ਕਿਹਾ ਜਾਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਦੀ ਰਾਤ ਕਤਲ ਦੀ ਰਾਤ ਹੁੰਦੀ ਹੈ। ਉਸ ਰਾਤ ਬਹੁਤ ਸਾਰੀ ਸ਼ਰਾਬ, ਪੈਸਾ ਅਤੇ ਚਿਕਨ ਵੰਡਿਆ ਜਾਂਦਾ ਹੈ ਪਰ ਦਿੱਲੀ ਵਿੱਚ ਇਹ ਚੋਣ ਇੱਕ ਵੱਖਰੀ ਚੋਣ ਹੈ। ਇਸ ਵਿੱਚ ਚੋਣਾਂ ਤੋਂ ਡੇਢ ਮਹੀਨਾ ਪਹਿਲਾਂ ਹੀ ਖੁੱਲ੍ਹ ਕੇ ਪੈਸੇ ਅਤੇ ਸਾਮਾਨ ਦੀ ਵੰਡ ਸ਼ੁਰੂ ਹੋ ਗਈ ਹੈ। ਕਿਸੇ ਨੂੰ ਵੀ ਇਸ ਗੱਲ ਦਾ ਕੋਈ ਡਰ ਨਹੀਂ ਹੈ ਕਿ ਚੋਣ ਕਮਿਸ਼ਨ ਹੈ।
ਇਹ ਸਭ ਪੁਲਸ ਸੁਰੱਖਿਆ ਹੇਠ ਵੰਡਿਆ ਜਾ ਰਿਹਾ ਹੈ। ਪੁਲਸ ਬਕਾਇਦਾ ਲੋਕਾਂ ਨੂੰ ਸਹੀ ਢੰਗ ਨਾਲ ਕਤਾਰ ਵਿੱਚ ਖੜ੍ਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਿਸ ਨੂੰ ਚਾਹੋ ਵੋਟ ਪਾ ਸਕਦੇ ਹੋ ਪਰ ਕਿਸੇ ਅਜਿਹੇ ਵਿਅਕਤੀ ਨੂੰ ਵੋਟ ਨਾ ਦਿਓ ਜੋ ਤੁਹਾਡੀ ਵੋਟ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਇੱਕ ਨੰਬਰ ਦਾ ਭ੍ਰਿਸ਼ਟਾਚਾਰੀ, ਗੱਦਾਰ ਅਤੇ ਦੇਸ਼ ਦਾ ਦੁਸ਼ਮਣ ਹੈ। ਜੋ ਤੁਹਾਨੂੰ ਸਾੜੀਆਂ, ਕੰਬਲ, ਜੈਕਟਾਂ ਅਤੇ 1100 ਰੁਪਏ ਵੰਡ ਰਿਹਾ ਹੈ, ਉਹ ਦੇਸ਼ ਨਾਲ ਧੋਖਾ ਕਰ ਰਿਹਾ ਹੈ। ਉਹ ਸਾਡੇ ਦੇਸ਼ ਦੇ ਲੋਕਤੰਤਰ ਲਈ ਖ਼ਤਰਾ ਹੈ। ਉਹ ਦੇਸ਼ ਦੇ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦਾ ਹੈ। ਜਿਸ ਨੂੰ ਵੀ ਤੁਸੀਂ ਚਾਹੁੰਦੇ ਹੋ, ਆਪਣੀ ਵੋਟ ਪਾਓ। ਉਨ੍ਹਾਂ ਕਿਹਾ ਕਿ ਵੋਟ ਲਈ ਜੋ ਪੈਸਾ ਦੇਵੇਗਾ ਉਹ ਬੇਈਮਾਨੀ ਦਾ ਪੈਸਾ ਹੈ, ਇਸ ਲਈ ਜੇਕਰ ਤੁਸੀਂ ਆਪਣੇ ਦੇਸ਼ ਅਤੇ ਲੋਕਤੰਤਰ ਨੂੰ ਵੇਚ ਦਿੱਤਾ ਤਾਂ ਰੱਬ ਤੁਹਾਨੂੰ ਮਾਫ਼ ਨਹੀਂ ਕਰੇਗਾ।