ਤੁਹਾਡਾ ਲੈਪਟਾਪ ਖਰਾਬ ਹੋ ਗਿਆ, ਲਾਕਡਾਊਨ ਖਤਮ ਹੋਣ ਤੱਕ ਤੁਹਾਨੂੰ ਕਰਨਾ ਹੋਵੇਗਾ ਇੰਤਜ਼ਾਰ
Sunday, Apr 05, 2020 - 09:46 PM (IST)
ਨਵੀਂ ਦਿੱਲੀ- ਦਿੱਲੀ-ਐੱਨ. ਸੀ. ਆਰ. ਸਥਿਤ ਇਕ ਕੰਪਨੀ ’ਚ ਇਕ ਸੀਨੀਅਰ ਅਧਿਕਾਰੀ ਡੀ. ਵਿਨਾਇਕ ਲਾਕਡਾਊਨ ਕਾਰਨ ਅੱਜ ਆਪਣੇ ਘਰ ’ਚ ਹੀ ਹਨ ਅਤੇ ਘਰ ਤੋਂ ਹੀ ਆਫਿਸ ਦਾ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਥੋੜ੍ਹੀ ਪ੍ਰੇਸ਼ਾਨੀ ਆ ਰਹੀ ਹੈ। ਜਿਸ ਲੈਪਟਾਪ ਨਾਲ ਉਹ ਆਪਣੇ ਆਫਿਸ ਨਾਲ ਜੁੜੇ ਰਹਿੰਦੇ ਸਨ, ਉਹ ਪਿਛਲੇ ਦੋ ਦਿਨਾਂ ਤੋਂ ਖਰਾਬ ਹੈ। ਹੁਣ ਉਹ ਨਾ ਕੋਈ ਕੰਮ ਕਰ ਪਾ ਰਹੇ ਹਨ ਅਤੇ ਨਾ ਹੀ ਆਪਣਾ ਲੈਪਟਾਪ ਠੀਕ ਕਰਵਾ ਪਾ ਰਹੇ ਹਨ। ਵਿਨਾਇਕ ਨੇ ਲੈਪਟਾਪ ਬਣਾਉਣ ਵਾਲੀ ਕੰਪਨੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਸਮੱਸਿਆ ਦੱਸੀ। ਕੰਪਨੀ ਦੇ ਕਰਮਚਾਰੀਆਂ ਨੇ ਫੋਨ ’ਤੇ ਹੀ ਲੈਪਟਾਪ ਠੀਕ ਕਰਨ ਦੀ ਕਾਫੀ ਦੇਰ ਤੱਕ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਕਿਉਂਕਿ ਲੈਪਟਾਪ ’ਚ ਨਵਾਂ ਪਾਰਟ ਪੈਣਾ ਸੀ। ਇਸੇ ਤਰ੍ਹਾਂ ਵਿਨਾਇਕ ਦਾ ਸਾਰਾ ਕੰਮ ਰੁਕ ਗਿਆ ਅਤੇ ਉਹ ਹੁਣ ਲਾਕਡਾਊਨ ਖਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ।
ਲਾਕਡਾਊਨ ਨਾਲ ਸਿਰਫ ਵਿਨਾਇਕ ਹੀ ਨਹੀਂ ਪ੍ਰੇਸ਼ਾਨ, ਸਗੋਂ ਚੇਨਈ ਦੀ ਰਹਿਣ ਵਾਲੀ ਨੀਲਿਮਾ ਸ਼ਰਮਾ ਦਾ ਫਰਿੱਜ ਵੀ ਪਿਛਲੇ ਕਈ ਦਿਨਾਂ ਤੋਂ ਖਰਾਬ ਪਿਆ ਹੈ ਜਿਸ ਕਾਰਨ ਫਰਿੱਜ ਵਿਚ ਪਿਆ ਸਾਰਾ ਸਾਮਾਨ ਖਰਾਬ ਹੋ ਰਿਹਾ ਹੈ। ਉਹ ਕਈ ਵਾਰ ਮਕੈਨਿਕ ਨੂੰ ਫੋਨ ਕਰ ਚੁੱਕੀ ਹੈ ਪਰ ਕੋਈ ਮਕੈਨਿਕ ਮੌਜੂਦਾ ਹਾਲਤ ਵਿਚ ਉਨ੍ਹਾਂ ਦੇ ਘਰ ਨਹੀਂ ਆ ਰਿਹਾ। ਉਨ੍ਹਾਂ ਨੂੰ ਵੀ ਹੁਣ ਲਾਕਡਾਊਨ ਖੁੱਲ੍ਹਣ ਤੱਕ ਆਪਣੀਆਂ ਸਬਜ਼ੀਆਂ, ਫਲ ,ਦੁੱਧ ਆਦਿ ਬਚਾਉਣ ਲਈ ਕੋਈ ਹੋਰ ਰਸਤਾ ਲੱਭਣਾ ਪਵੇਗਾ।
ਲਾਕਡਾਊਨ ’ਚ ਮੋਬਾਇਲ ਫੋਨ ਖਰਾਬ ਹੋ ਜਾਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਵੱਡਾ ਜ਼ੁਲਮ ਕਿਸੇ ਨਾਲ ਹੋ ਸਕਦਾ ਹੈ ਪਰ ਕਈ ਲੋਕਾਂ ਦੇ ਫੋਨ ਜਵਾਬ ਦੇ ਗਏ ਹਨ। ਕੁਝ ਦੀਆਂ ਬੈਟਰੀਆਂ ਖਰਾਬ ਹੋ ਗਈਆਂ ਹਨ। ਕਈ ਲੋਕਾਂ ਦੇ ਪ੍ਰਿੰਟਰ, ਏ. ਸੀ. ਖਰਾਬ ਹਨ। ਇਸ ਤੋਂ ਇਲਾਵਾ ਹਸਪਤਾਲ ’ਚ ਵੀ ਕਈ ਉਪਕਰਣ ਖਰਾਬ ਹਨ। ਜਿਨ੍ਹਾਂ ਦਾ ਫਿਲਹਾਲ ਠੀਕ ਹੋਣਾ ਸੰਭਵ ਨਹੀਂ। ਲਾਕਡਾਊਨ ਵਿਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੀਆਂ ਅਣਗਿਣਤ ਕਹਾਣੀਆਂ ਹਨ ਪਰ ਕੀ ਕੀਤਾ ਜਾਵੇ। ਫਿਰ ਤੋਂ ਅੱਛੇ ਦਿਨ ਆਉਣ ਦਾ ਇੰਤਜ਼ਾਰ ਕਰਨਾ ਪਵੇਗਾ।