ਹੱਜ ''ਤੇ ਜਾਣ ਲਈ ਕੱਲ ਤੋਂ ਕਰ ਸਕਦੇ ਹੋ ਆਨਲਾਈਨ ਅਪਲਾਈ, ਸਿਰਫ ਇਸ ਉਮਰ ਦੇ ਲੋਕ ਜਾਣ ਸਕਣਗੇ
Friday, Nov 06, 2020 - 06:32 PM (IST)
ਨਵੀਂ ਦਿੱਲੀ - ਅਗਲੇ ਸਾਲ (2021) ਹੱਜ 'ਤੇ ਜਾਣ ਲਈ ਆਨਲਾਈਨ ਅਰਜ਼ੀਆਂ ਸ਼ਨੀਵਾਰ, 7 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਹਨ। 7 ਨਵੰਬਰ ਤੋਂ 10 ਦਸੰਬਰ ਤੱਕ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਕੋਰੋਨਾ ਦੇ ਚੱਲਦੇ ਇਸ ਵਾਰ ਕਈ ਨਿਯਮਾਂ ਨੂੰ ਬਦਲਿਆ ਗਿਆ ਹੈ। ਇਸ ਸਾਲ ਹੱਜ 'ਤੇ ਜਾਣ ਦੀ ਉਮਰ ਸੀਮਾ ਤੈਅ ਕੀਤੀ ਗਈ ਹੈ। ਉਥੇ ਹੀ ਸਾਉਦੀ 'ਚ ਰੁਕਣ ਦੇ ਦਿਨਾਂ ਦੀ ਗਿਣਤੀ ਵੀ ਘਟਾਈ ਗਈ ਹੈ। ਸਿਰਫ 18 ਤੋਂ 65 ਸਾਲ ਦੀ ਉਮਰ ਦੇ ਲੋਕਾਂ ਨੂੰ ਹੀ ਹੱਜ 'ਤੇ ਜਾਣ ਦੀ ਇਜਾਜਤ ਹੋਵੇਗੀ।
10 ਦਸੰਬਰ ਤੱਕ ਦਿੱਤੀ ਜਾ ਸਕਦੀ ਹੈ ਅਰਜ਼ੀ
ਹੱਜ ਕਮੇਟੀ ਆਫ ਇੰਡੀਆ ਵਲੋਂ ਕਿਹਾ ਗਿਆ ਹੈ ਕਿ ਹੱਜ 2021 ਲਈ ਆਨਲਾਈਨ ਅਰਜ਼ੀ ਭਰਨ ਦੀ ਪ੍ਰਕਿਰਿਆ 7 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ 10 ਦਸੰਬਰ ਤੱਕ ਚੱਲੇਗੀ। ਅਪਲਾਈ ਕਰਦੇ ਹੋਏ ਪਾਸਪੋਰਟ, ਫੋਟੋਗ੍ਰਾਫ, ਬੈਂਕ 'ਚ ਜਮਾਂ ਰਾਸ਼ੀ ਅਤੇ ਘਰ ਦੇ ਪਤੇ ਦੀ ਜਾਣਕਾਰੀ ਦੇਣੀ ਹੋਵੇਗੀ। ਫ਼ਾਰਮ ਭਰਦੇ ਹੋਏ ਮੋਬਾਈਲ 'ਤੇ ਓ.ਟੀ.ਪੀ. ਭੇਜਿਆ ਜਾਵੇਗਾ, ਜਿਸ ਨੂੰ ਭਰਨ 'ਤੇ ਫ਼ਾਰਮ ਦੀ ਪ੍ਰਕਿਰਿਆ ਪੂਰੀ ਹੋਵੇਗੀ। ਇਸ ਤੋਂ ਬਾਅਦ ਮੈਡੀਕਲ ਸਰਟੀਫਿਕੇਟ ਜਮਾਂ ਕਰਨ ਦੀ ਆਖਰੀ ਤਾਰੀਖ 1 ਜਨਵਰੀ ਹੈ। ਅਪਲਾਈ ਫ਼ਾਰਮ ਕੋਟੇ ਤੋਂ ਜ਼ਿਆਦਾ ਜਮਾਂ ਹੋਏ ਤਾਂ ਜਨਵਰੀ 2021 'ਚ ਹੱਜ 'ਤੇ ਜਾਣ ਵਾਲਿਆਂ ਦੇ ਨਾਮ ਚੁਣਨ ਲਈ ਲਾਟਰੀ ਕੱਢੀ ਜਾਵੇਗੀ।
ਪਹਿਲੀ ਕਿਸ਼ਤ ਜਮਾਂ ਕਰਨ ਦੀ ਆਖਰੀ ਤਾਰੀਖ 1 ਮਾਰਚ
ਹੱਜ ਲਈ ਪਹਿਲੀ ਕਿਸ਼ਤ ਜਮਾਂ ਕਰਨ ਦੀ ਆਖਰੀ ਤਾਰੀਖ 1 ਮਾਰਚ ਹੋਵੇਗੀ। ਹੱਜ ਜਾਇਰੀਨਾਂ ਨੂੰ ਪਹਿਲੀ ਕਿਸ਼ਤ 'ਚ 1 ਲੱਖ 50 ਹਜ਼ਾਰ ਰੁਪਏ ਜਮਾਂ ਕਰਨੇ ਹੋਣਗੇ। ਇੱਕ ਕਵਰ 'ਚ ਇਕੱਠੇ ਤਿੰਨ ਜਾਇਰੀਨ ਨੂੰ ਹੀ ਫ਼ਾਰਮ ਭਰਨ ਦੀ ਮਨਜੂਰੀ ਹੋਵੇਗੀ। 15-16 ਮਈ ਨੂੰ ਵੈਕਸੀਨ ਕੈਂਪ 'ਚ ਮੁਸਾਫਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ। 26 ਜੂਨ ਨੂੰ ਹੱਜ ਮੁਸਾਫਰਾਂ ਨੂੰ ਲੈ ਕੇ ਪਹਿਲੀ ਫਲਾਈਟ ਸਾਊਦੀ ਅਰਬ ਲਈ ਰਵਾਨਾ ਹੋਵੇਗੀ। 13 ਜੁਲਾਈ ਨੂੰ ਆਖਰੀ ਉਡ਼ਾਣ ਹੋਵੇਗੀ। ਹੱਜ ਮੁਸਾਫਰਾਂ ਦੀ ਵਾਪਸੀ 14 ਅਗਸਤ ਤੋਂ ਸ਼ੁਰੂ ਹੋਵੇਗੀ।