ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੋਰਿਆ ਦੇ ਘਰ ਛਾਪੇਮਾਰੀ
Tuesday, Apr 23, 2019 - 12:43 PM (IST)

ਬਦਾਊਂ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਯਨਾਥ ਸਰਕਾਰ 'ਚ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੋਰਿਆ ਦੇ ਬਦਾਊਂ ਸਥਿਤ ਘਰ ਮੰਗਲਵਾਰ ਨੂੰ ਛਾਪੇਮਾਰੀ ਹੋਈ। ਨਗਰ ਮੈਜਿਸਟਰੇਟ ਕਮਲੇਸ਼ ਕੁਮਾਰ ਅਵਸਥੀ ਭਾਰੀ ਪੁਲਸ ਫੋਰਸ ਨਾਲ ਰਿਹਾਇਸ਼ ਵਿਕਾਸ ਕਾਲੋਨੀ ਸਥਿਤ ਮਕਾਨ 'ਤੇ ਗਏ ਅਤੇ ਪੂਰੇ ਮਕਾਨ ਦੀ ਤਲਾਸ਼ੀ ਲਈ। ਦਰਅਸਲ ਸਪਾ ਉਮੀਦਵਾਰ ਧਰਮੇਂਦਰ ਯਾਦਵ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸਵਾਮੀ ਪ੍ਰਸਾਦ ਮੋਰਿਆ ਬਦਾਊਂ 'ਚ ਰਹਿ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਘਰ 'ਤੇ ਬਾਹਰੀ ਲੋਕ ਇਕੱਠੇ ਹਨ।ਇਸੇ ਸ਼ਿਕਾਇਤ ਦੇ ਆਧਾਰ 'ਤੇ ਕਮਿਸ਼ਨ ਦੀ ਟੀਮ ਨੇ ਛਾਪੇਮਾਰੀ ਕੀਤੀ। ਅਵਸਥੀ ਨੇ ਦੱਸਿਆ ਕਿ ਛਾਪੇਮਾਰੀ ਜ਼ਿਲਾ ਅਧਿਕਾਰੀ ਦਿਨੇਸ਼ ਕੁਮਾਰ ਸਿੰਘ ਦੇ ਨਿਰਦੇਸ਼ 'ਤੇ ਕੀਤੀ ਗਈ। ਸਵਾਮੀ ਪ੍ਰਸਾਦ ਮੋਰਿਆ ਦੀ ਬੇਟੀ ਸੰਘਮਿਤਰਾ ਮੋਰਿਆ ਬਦਾਊਂ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੈ। ਅਵਸਥੀ ਅਨੁਸਾਰ ਛਾਪੇਮਾਰੀ ਦੌਰਾਨ ਹਾਲਾਂਕਿ ਸਵਾਮੀ ਪ੍ਰਸਾਦ ਮੋਰਿਆ ਨਹੀਂ ਮਿਲੇ। ਉਹ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ ਅਤੇ ਛਾਪੇ ਦੌਰਾਨ ਉੱਥੇ ਮਕਾਨ ਮਾਲਕ ਦੇ ਪਰਿਵਾਰ ਤੋਂ ਇਲਾਵਾ ਕੋਈ ਹੋਰ ਨਹੀਂ ਮਿਲਿਆ।