ਹੋਲੀ ਤੋਂ ਪਹਿਲਾਂ ਯੋਗੀ ਸਰਕਾਰ ਦਾ ਵੱਡਾ ਤੋਹਫਾ, ਵਧਾਇਆ ਕਰਮਚਾਰੀਆਂ ਦਾ ਮਹਿੰਗਾਈ ਭੱਤਾ
Wednesday, Mar 13, 2024 - 03:37 PM (IST)
ਲਖਨਊ- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਸੂਬੇ ਦੇ ਕਰਮਚਾਰੀਾਂ ਨੂੰ ਹੋਲੀ ਤੋਂ ਪਹਿਲਾਂ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਸੂਬੇ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ 4 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ। ਯਾਨੀ ਇਨ੍ਹਾਂ ਦੀ ਤਨਖਾਹ 'ਚ ਉਛਾਲ ਆਏਗਾ। ਯੂ.ਪੀ. ਦੇ ਰਾਜ ਕਰਮਚਾਰੀਆਂ ਨੂੰ ਵਧੇ ਹੋਏ ਮਹਿੰਗਾਈ ਭੱਤੇ ਦਾ ਲਾਭ 1 ਜਨਵਰੀ 2024 ਤੋਂ ਮਿਲੇਗਾ।
ਸਰਕਾਰੀ ਖਜ਼ਾਨੇ 'ਤੇ 350 ਕਰੋੜ ਦਾ ਬੋਝ
ਸਰਕਾਰ ਦੇ ਇਸ ਵੱਡੇ ਫੈਸਲੇ ਨਾਲ ਉੱਤਰ ਪ੍ਰਦੇਸ਼ ਦੇ ਲਗਭਗ 10 ਲੱਖ ਰਾਜ ਕਰਮਚਾਰੀਆਂ ਅਤੇ 8 ਲੱਖ ਅਧਿਆਪਕਾਂ ਨੂੰ ਫਾਇਦਾ ਹੋਵੇਗਾ। ਹੋਲੀ ਤੋਂ ਠੀਕ ਪਹਿਲਾਂ ਯੋਗੀ ਸਰਕਾਰ ਵੱਲੋਂ ਰਾਜ ਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 4 ਫੀਸਦੀ ਦਾ ਵਾਧਾ ਕਰਨ ਦੇ ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ 'ਤੇ 350 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਉੱਤਰ ਪ੍ਰਦੇਸ਼ ਸਰਕਾਰ ਦੇ ਵਧੀਕ ਮੁੱਖ ਸਕੱਤਰ ਵਿੱਤ ਦੀਪਕ ਕੁਮਾਰ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਇਸ ਸਬੰਧੀ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਨਵਰੀ ਅਤੇ ਫਰਵਰੀ ਦੇ ਬਕਾਏ ਮੁਲਾਜ਼ਮਾਂ ਦੇ ਪੀ.ਐਫ ਖਾਤੇ ਵਿੱਚ ਜਮ੍ਹਾ ਕਰਵਾਏ ਜਾਣਗੇ, ਜਦਕਿ ਮਾਰਚ ਦਾ ਡੀਏ ਅਪ੍ਰੈਲ ਮਹੀਨੇ ਦੀ ਤਨਖ਼ਾਹ ਸਮੇਤ ਦਿੱਤਾ ਜਾਵੇਗਾ।
46 ਫੀਸਦੀ ਤੋਂ ਵੱਧ ਕੇ 50 ਫੀਸਦੀ ਹੋ ਗਿਆ ਡੀ.ਏ.
ਦੇਸ਼ ਵਿੱਚ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜਿੱਥੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਸੂਬੇ ਦੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਦਾ ਡੀ.ਏ. (ਮਹਿੰਗਾਈ ਭੱਤਾ) 46 ਫੀਸਦੀ ਤੋਂ ਵਧ ਕੇ 50 ਫੀਸਦੀ ਹੋ ਜਾਵੇਗਾ। ਇਸ ਵਾਧੇ ਨਾਲ ਉਨ੍ਹਾਂ ਦੀ ਤਨਖਾਹ ਵਿੱਚ ਵੀ ਬੰਪਰ ਵਾਧਾ ਹੋਵੇਗਾ।