Yes Bank ਦੀ ਅਨਿਲ ਅੰਬਾਨੀ ਸਮੂਹ 'ਤੇ ਵੱਡੀ ਕਾਰਵਾਈ, ਕਬਜ਼ੇ 'ਚ ਲਿਆ ਮੁੱਖ ਦਫ਼ਤਰ

Thursday, Jul 30, 2020 - 07:29 PM (IST)

Yes Bank ਦੀ ਅਨਿਲ ਅੰਬਾਨੀ ਸਮੂਹ 'ਤੇ ਵੱਡੀ ਕਾਰਵਾਈ, ਕਬਜ਼ੇ 'ਚ ਲਿਆ ਮੁੱਖ ਦਫ਼ਤਰ

ਮੁੰਬਈ(ਭਾਸ਼ਾ) — ਨਿੱਜੀ ਖੇਤਰ ਦੇ ਯੈੱਸ ਬੈਂਕ ਨੇ 2,892 ਕਰੋੜ ਰੁਪਏ ਦੇ ਬਕਾਇਆ ਕਰਜ਼ੇ ਦਾ ਭੁਗਤਾਨ ਨਾ ਕਰਨ ਦੇ ਬਦਲੇ ਅਨਿਲ ਅੰਬਾਨੀ ਸਮੂਹ ਦੇ ਉਪਨਗਰ ਸਥਿਤ ਸਾਂਤਾਕਰੂਜ਼ ਦੇ ਮੁੱਖ ਦਫ਼ਤਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਯੈੱਸ ਬੈਂਕ ਵੱਲੋਂ ਬੁੱਧਵਾਰ ਨੂੰ ਅਖਬਾਰ ਵਿਚ ਦਿੱਤੇ ਗਏ ਨੋਟਿਸ ਅਨੁਸਾਰ ਬੈਂਕ ਨੇ ਰਿਲਾਇੰਸ ਇਨਫਰਾਸਟਰੱਕਚਰ ਵੱਲੋਂ ਬਕਾਏ ਦੀ ਅਦਾਇਗੀ ਨਾ ਕਰਨ ਕਾਰਨ ਦੱਖਣੀ ਮੁੰਬਈ ਦੇ ਦੋ ਫਲੈਟਾਂ 'ਤੇ ਵੀ ਕਬਜ਼ਾ ਕਰ ਲਿਆ ਹੈ। ਅਨਿਲ ਧੀਰੂਭਾਈ ਅੰਬਾਨੀ ਸਮੂਹ (ਏ.ਡੀ.ਏ.ਜੀ.) ਦੀਆਂ ਲਗਭਗ ਸਾਰੀਆਂ ਕੰਪਨੀਆਂ ਸਾਂਤਾ ਕਰੂਜ਼ ਦੇ ਦਫਤਰ 'ਰਿਲਾਇੰਸ ਸੈਂਟਰ' ਤੋਂ ਕੰਮ ਕਰ ਰਹੀਅਾਂ ਹਨ। 
ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਸਮੂਹ ਦੀਆਂ ਕੰਪਨੀਆਂ ਦੀ ਵਿੱਤੀ ਸਥਿਤੀ ਕਾਫ਼ੀ ਖਰਾਬ ਹੋ ਗਈ ਹੈ। ਕੁਝ ਕੰਪਨੀਆਂ ਦੀਵਾਲੀਆ ਹੋ ਗਈਆਂ ਹਨ, ਜਦਕਿ ਕੁਝ ਨੂੰ ਆਪਣੀ ਹਿੱਸੇਦਾਰੀ ਵੇਚਣੀ ਪਈ ਹੈ। ਯੈੱਸ ਬੈਂਕ ਨੇ ਕਿਹਾ ਕਿ ਉਸਨੇ ਰਿਲਾਇੰਸ ਇਨਫਰਾਸਟਰੱਕਚਰ ਨੂੰ 6 ਮਈ ਨੂੰ 2,892.44 ਕਰੋੜ ਰੁਪਏ ਦੇ ਬਕਾਏ ਵਾਪਸ ਕਰਨ ਲਈ ਨੋਟਿਸ ਦਿੱਤਾ ਸੀ। 60 ਦਿਨਾਂ ਦੇ ਨੋਟਿਸ ਦੇ ਬਾਵਜੂਦ, ਸਮੂਹ ਬਕਾਏ ਦੀ ਅਦਾਇਗੀ ਨਹੀਂ ਕਰ ਸਕਿਆ। ਜਿਸ ਤੋਂ ਬਾਅਦ ਉਸਨੇ 22 ਜੁਲਾਈ ਨੂੰ ਤਿੰਨਾਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਬੈਂਕ ਨੇ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਨ੍ਹਾਂ ਜਾਇਦਾਦਾਂ ਸੰਬੰਧੀ ਕੋਈ ਲੈਣ-ਦੇਣ ਨਾ ਕਰਨ। 

ਇਹ ਵੀ ਪੜ੍ਹੋ: ਭਾਰਤੀ ਬਾਜ਼ਾਰ 'ਚ ਲਾਂਚ ਹੋਇਆ ਕੋਰੋਨਾ ਦੇ ਕੀਟਾਣੂ ਖਤਮ ਕਰਨ ਵਾਲਾ ਅਤਿ-ਪ੍ਰਭਾਵਸ਼ਾਲੀ ਕੀਟਾਣੂਨਾਸ਼ਕ

ਏਡੀਏਜੀ ਸਮੂਹ ਪਿਛਲੇ ਸਾਲ ਇਸੇ ਮੁੱਖ ਦਫ਼ਤਰ ਨੂੰ ਕਿਰਾਏ 'ਤੇ ਦੇਣਾ ਚਾਹੁੰਦਾ ਸੀ ਤਾਂ ਜੋ ਉਹ ਕਰਜ਼ੇ ਦੀ ਅਦਾਇਗੀ ਲਈ ਸਰੋਤ ਜੁਟਾ ਸਕੇ। ਇਹ ਦਾ ਮੁੱਖ ਦਫਤਰ 21,432 ਵਰਗ ਮੀਟਰ ਖੇਤਰ ਵਿਚ ਹੈ। ਦੋ ਹੋਰ ਜਾਇਦਾਦਾਂ ਦੱਖਣੀ ਮੁੰਬਈ ਦੇ ਨਾਗਿਨ ਮਹਿਲ ਵਿਚ ਹਨ। ਇਹ ਦੋਵੇਂ ਫਲੈਟ ਕ੍ਰਮਵਾਰ 1,717 ਵਰਗ ਫੁੱਟ ਅਤੇ 4,936 ਵਰਗ ਫੁੱਟ ਦੇ ਹਨ।

ਇਹ ਵੀ ਪੜ੍ਹੋ: ਯਾਤਰਾ ਹੋਵੇਗੀ ਹੋਰ ਸੁਰੱਖਿਅਤ, ਰੇਲਵੇ ਵਿਭਾਗ ਲੈ ਕੇ ਆ ਰਿਹੈ 20 ਨਵੇਂ ਇਨੋਵੇਸ਼ਨਸ(Video)

ਜ਼ਿਕਰਯੋਗ ਹੈ ਕਿ ਯੈੱਸ ਬੈਂਕ ਦੇ ਡੁੱਬੇ ਕਰਜ਼ਿਆਂ ਦੀ ਵੱਡੀ ਸੂਚੀ ਦਾ ਕਾਰਨ ਏਡੀਏਜੀ ਸਮੂਹ ਦੀਆਂ ਕੰਪਨੀਆਂ ਨੂੰ ਦਿੱਤੇ ਗਏ ਕਰਜ਼ੇ ਹਨ। ਗੈਰ-ਕਾਰਗੁਜ਼ਾਰੀ ਜਾਇਦਾਦ (ਐਨਪੀਏ) ਦੇ ਉੱਚ ਪੱਧਰ ਦੇ ਕਾਰਨ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਗਠਜੋੜ ਨੇ ਬੈਂਕ ਵਿਚ 10,000 ਕਰੋੜ ਰੁਪਏ ਦੀ ਪੂੰਜੀ ਪਾ ਕੇ ਇਸ ਨੂੰ ਸੰਕਟ ਤੋਂ ਬਾਹਰ ਕੱਢਿਆ ਗਿਆ ਹੈ। ਬੈਂਕ ਲਈ ਰਾਹਤ ਪੈਕੇਜ ਤੋਂ ਪਹਿਲਾਂ ਸਰਕਾਰ ਅਤੇ ਰਿਜ਼ਰਵ ਬੈਂਕ ਨੇ ਮਾਰਚ ਵਿਚ ਯੈਸ ਬੈਂਕ ਦੇ ਨਿਰਦੇਸ਼ਕ ਬੋਰਡ ਨੂੰ ਭੰਗ ਕਰ ਦਿੱਤਾ ਸੀ। ਇਸ ਦੇ ਨਾਲ ਹੀ ਬੈਂਕ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਬੋਰਡ ਆਫ਼ ਡਾਇਰੈਕਟਰਜ਼ ਦੀ ਵੀ ਨਿਯੁਕਤੀ ਕੀਤੀ ਸੀ।

ਇਹ ਵੀ ਪੜ੍ਹੋ:  ਹੁਣ ਰੇਲ ਟਿਕਟ ਪੱਕੀ ਕਰਨੀ ਹੋਵੇਗੀ ਸਸਤੀ,ਨਹੀਂ ਦੇਣੇ ਪੈਣਗੇ ਵਾਧੂ ਪੈਸੈ


author

Harinder Kaur

Content Editor

Related News